Jan 3, 2025 7:28 PM - Connect Newsroom
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਨੇਡਾ-ਅਮਰੀਕਾ ਦੇ ਸਬੰਧਾਂ ’ਤੇ ਕੈਬਨਿਟ ਕਮੇਟੀ ਦੀ ਵਰਚੁਅਲ ਬੈਠਕ ਬੁਲਾਈ ਗਈ ਹੈ, ਕਮੇਟੀ ਦੀ ਇਹ ਲੇਟਸਟ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਡੋਨਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦੀ ਤਾਰੀਖ਼ ਬਿਲਕੁਲ ਨੇੜੇ ਪਹੁੰਚ ਗਈ ਹੈ।
ਟਰੰਪ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣ ਵਾਲੇ ਹਨ ਅਤੇ ਉਨ੍ਹਾਂ ਉਸੇ ਹੀ ਦਿਨ ਕੈਨੇਡਾ, ਚੀਨ ਅਤੇ ਮੈਕਸੀਕੋ ’ਤੇ ਟੈਰਿਫ ਲਾਗੂ ਕਰਨ ਦੀ ਧਮਕੀ ਦਿੱਤੀ ਹੋਈ ਹੈ। ਉੱਥੇ ਹੀ, ਪੀਐੱਮ ਟਰੂਡੋ ’ਤੇ ਟੈਰਿਫ ਨੂੰ ਟਾਲਣ ਦੀ ਕੋਸ਼ਿਸ਼ ਦੇ ਨਾਲ-ਨਾਲ ਸਰਕਾਰ ਨੂੰ ਸਫਲਤਾ ਨਾਲ ਚਲਾਉਣ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਲਿਬਰਲ ਕਾਕਸ ਦੇ ਅੰਦਰ ਅਤੇ ਬਾਹਰ ਦੇ ਲੋਕ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਅਹੁਦਾ ਛੱਡਣ ਦਾ ਜ਼ਿਆਦਾ ਦਬਾਅ ਕ੍ਰਿਸਟੀਆ ਫ੍ਰੀਲੈਂਡ ਵਲੋਂ ਪਿਛਲੇ ਮਹੀਨੇ ਕੈਬਨਿਟ ਤੋਂ ਅਸਤੀਫਾ ਦੇਣ ਮਗਰੋਂ ਵਧਿਆ ਹੈ।