Apr 28, 2025 6:07 PM - The Canadian Press
ਕੈਨੇਡੀਅਨ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਜੁੜੇ 2018 ਦੇ ਜਿਨਸੀ ਸੋਸ਼ਣ ਕੇਸ ਦਾ ਟਰਾਇਲ ਅੱਜ ਤੋਂ ਬਹਾਲ ਹੋ ਗਿਆ ਹੈ।
ਡਿਲਨ ਡੁਬੇ, ਕੈਲ ਫੁੱਟ, ਐਲੇਕਸ ਫੋਰਮੈਂਟਨ, ਕਾਰਟਰ ਹਾਰਟ ਅਤੇ ਮਾਈਕਲ ਮੈਕਲਿਓਡ 'ਤੇ ਜੂਨ 2018 ਵਿਚ ਜਿੱਤ ਦੇ ਜਸ਼ਨ ਤੋਂ ਬਾਅਦ ਓਨਟਾਰੀਓ ਦੇ ਲੰਡਨ ਦੇ ਇੱਕ ਹੋਟਲ ਵਿਚ ਇੱਕ ਲੜਕੀ ਨਾਲ ਕਥਿਤ ਜਿਨਸੀ ਸੋਸ਼ਣ ਕਰਨ ਦਾ ਦੋਸ਼ ਹੈ। ਇਹ ਘਟਨਾ ਲੰਡਨ ਦੀ ਰਿਚਮੰਡ ਸਟ੍ਰੀਟ ਦੇ ਜੈਕ ਬਾਰ ਦੀ ਹੈ, ਕੋਰਟ ਵਿਚ ਖਿਡਾਰੀਆਂ ਦੀਆਂ ਜੈਕ ਬਾਰ ਦੇ ਅੰਦਰ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਵੀ ਦਿਖਾਇਆ ਗਿਆ।
ਰਿਪੋਰਟਸ ਮੁਤਾਬਕ, 18 ਜੂਨ ਨੂੰ ਪੀੜਤਾ ਕੁਝ ਦੋਸਤਾਂ ਨਾਲ ਇਸੇ ਬਾਰ ਵਿਚ ਗਈ ਸੀ, ਉਸ ਸਮੇਂ ਉਸ ਦੀ ਉਮਰ 20 ਸਾਲ ਸੀ। ਫਿਲਹਾਲ ਕਿਸੇ ਵੀ ਖਿਡਾਰੀ ਨੇ ਉਨ੍ਹਾਂ 'ਤੇ ਲੱਗੇ ਜਿਨਸੀ ਸੋਸ਼ਣ ਦੇ ਦੋਸ਼ ਸਵੀਕਾਰ ਨਹੀਂ ਕੀਤੇ ਹਨ। ਉਥੇ ਹੀ, ਅੱਜ ਇਲੈਕਸ਼ਨ ਦਾ ਦਿਨ ਹੋਣ ਕਾਰਨ ਕੋਰਟ ਵਲੋਂ ਸੁਣਵਾਈ ਕੱਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਓਨਟਾਰੀਓ ਸੁਪੀਰੀਅਰ ਕੋਰਟ ਦੀ ਜਸਟਿਸ ਮਾਰੀਆ ਕੈਰੋਸੀਆ ਨੇ ਪਹਿਲੀ ਜਿਊਰੀ ਨੂੰ ਕੇਸ ਤੋਂ ਹਟਾਉਂਦੇ ਹੋਏ ਸ਼ੁੱਕਰਵਾਰ ਨੂੰ ਨਵੀਂ ਜਿਊਰੀ ਦਾ ਗਠਨ ਕੀਤਾ ਸੀ।