Feb 18, 2025 4:47 PM - Connect Newsroom
ਯੂਕਰੇਨ ਯੁੱਧ ਦੇ ਹੱਲ ਲਈ ਸਾਊਦੀ ਅਰਬ ਵਿੱਚ ਰੂਸ ਅਤੇ ਅਮਰੀਕਾ ਵਿਚਕਾਰ ਇੱਕ ਉੱਚ-ਪੱਧਰੀ ਬੈਠਕ ਹੋਈ ਹੈ। ਇਸ ਬੈਠਕ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸ਼ਾਮਲ ਹੋਏ। ਦੋਵੇਂ ਸੋਮਵਾਰ ਨੂੰ ਰਾਜਧਾਨੀ ਰਿਆਦ ਪਹੁੰਚੇ ਸਨ। ਉਥੇ ਹੀ, ਇਸ ਬੈਠਕ ਲਈ ਨਾ ਤਾਂ ਯੂਕਰੇਨ ਅਤੇ ਨਾ ਹੀ ਯੂਰਪ ਨੂੰ ਸੱਦਾ ਦਿੱਤਾ ਗਿਆ ਸੀ ਪਰ ਰੂਸ ਨੇ ਇਹ ਸੰਕੇਤ ਦਿੱਤਾ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਰਾਸ਼ਟਰਪਤੀ ਪੁਤਿਨ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਹਾਲਾਂਕਿ, ਰੂਸ ਨੇ ਜ਼ੇਲੇਂਸਕੀ ਦੇ ਰਾਸ਼ਟਰਪਤੀ ਹੋਣ ’ਤੇ ਸਵਾਲ ਖੜ੍ਹੇ ਕੀਤੇ ਹਨ ਕਿਉਂਕਿ ਰਾਸ਼ਟਰਪਤੀ ਦੇ ਰੂਪ ਵਿਚ ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਮਈ ਵਿਚ ਹੀ ਖ਼ਤਮ ਹੋ ਚੁੱਕਾ ਹੈ।
ਓਧਰ, ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਕਰੇਨ ਤੋਂ ਬਿਨਾਂ ਕੀਤੇ ਗਏ ਸ਼ਾਂਤੀ ਸਮਝੌਤੇ ਨੂੰ ਉਹ ਮਾਨਤਾ ਨਹੀਂ ਦੇਣਗੇ। ਅਮਰੀਕਾ ਦਾ ਕਹਿਣਾ ਹੈ ਕਿ ਅੱਜ ਦੀ ਗੱਲਬਾਤ ਇਹ ਦੇਖਣ ਲਈ ਪਹਿਲਾ ਕਦਮ ਸੀ ਕਿ ਰੂਸ ਯੁੱਧ ਨੂੰ ਖਤਮ ਕਰਨ ਲਈ ਕਿੰਨਾ ਗੰਭੀਰ ਹੈ।