Jan 19, 2024 3:33 PM - The Connect News
ਕੈਲਗਰੀ ਵਿਚ ਅੱਜ ਤਾਪਮਾਨ -13 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ। ਹਾਲਾਂਕਿ ਅੱਜ ਵੀਰਵਾਰ ਨਾਲੋਂ ਤਾਪਮਾਨ ਥੋੜ੍ਹਾ ਵੱਧ ਹੈ। ਅੱਜ ਰਾਤ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਤਾਪਮਾਨ -16 ਡਿਗਰੀ ਸੈਲਸੀਅਸ ਰਹੇਗਾ।
ਸ਼ਨੀਵਾਰ ਤੋਂ ਸੋਮਵਾਰ ਤੱਕ ਤਾਪਮਾਨ -8 ਤੋਂ -6 ਡਿਗਰੀ ਸੈਲਸੀਅਸ ਦੀ ਰੇਂਜ ਵਿਚ ਰਹਿਣ ਦੇ ਆਸਾਰ ਹਨ। ਐਤਵਾਰ ਰਾਤ ਵੀ 1 ਤੋਂ 3 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਹੈ। ਗੌਰਤਲਬ ਹੈ ਕਿ ਕੈਲਗਰੀ ਦੀਆਂ ਕਈ ਸੜਕਾਂ ਬਰਫ ਨਾਲ ਢੱਕੀਆਂ ਹਨ ਅਤੇ ਬਰਫ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ।
ਕਰੂ ਮੈਂਬਰ ਇਸ ਨੂੰ ਹਟਾਉਣ ਵਿਚ ਲੱਗੇ ਹਨ ਅਤੇ ਉਨ੍ਹਾਂ ਦੀ ਤਰਜੀਹ ਵੱਡੀਆਂ ਮੁੱਖ ਸੜਕਾਂ ਹਨ। ਉਨ੍ਹਾਂ ਬੀਤੇ ਦਿਨ ਦੱਸਿਆ ਸੀ ਕਿ ਕ੍ਰੋਚਾਈਲਡ ਟਰੇਲ, ਮੈਮੋਰੀਅਲ ਡਰਾਈਵ, ਗਲੇਨਮੋਰ ਟਰੇਲ ਅਤੇ 16 ਐਵਿਨਿਊ ਵਿਚੋਂ ਇਕ ਰੂਟ ਨੂੰ ਸਾਫ ਕਰਨ ਲਈ ਲਗਭਗ 18 ਘੰਟੇ ਲੱਗ ਸਕਦੇ ਹਨ।
ਸੜਕਾਂ ਤੋਂ ਬਰਫ ਹਟਾਉਣ ਨਾਲ ਵਾਹਨ ਸੜਕਾਂ ਵਿਚ ਫਸਦੇ ਨਹੀਂ ਅਤੇ ਆਵਾਜਾਈ ਚੱਲਦੀ ਰਹਿੰਦੀ ਹੈ। ਸਿਟੀ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਬਰਫਬਾਰੀ ਬੰਦ ਹੋਣ ਦੇ 24 ਘੰਟਿਆਂ ਦੇ ਅੰਦਰ ਫੁੱਟਪਾਥ ਨੂੰ ਸਾਫ ਕਰ ਦੇਣਾ ਚਾਹੀਦਾ ਹੈ।