Mar 3, 2025 5:03 PM - Connect Newsroom
ਕੈਨੇਡਾ 'ਤੇ ਟੈਰਿਫ ਮੰਗਲਵਾਰ ਤੋਂ ਲਾਗੂ ਹੋਵੇਗਾ। ਵ੍ਹਾਈਟ ਹਾਊਸ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਟੈਰਿਫ ਲਾਗੂ ਕਰਨ ਸਬੰਧੀ 30 ਦਿਨਾਂ ਦੀ ਰੋਕ ਹਟਾਈ ਜਾ ਰਹੀ ਹੈ। ਫਿਲਹਾਲ ਇਹ ਡਿਟੇਲਸ ਸਾਹਮਣੇ ਨਹੀਂ ਆਈ ਕਿ ਟੈਰਿਫ ਕਿਸ ਤਰ੍ਹਾਂ ਲਗਾਇਆ ਜਾਵੇਗਾ, ਟਰੰਪ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਸੰਕੇਤ ਦਿੱਤਾ ਸੀ ਕਿ ਅਸਲੀ 25 ਫੀਸਦੀ ਟੈਰਿਫ ਯੋਜਨਾ ਵਿਚ ਬਦਲਾਅ ਹੋ ਸਕਦਾ ਹੈ।
ਗੌਰਤਲਬ ਹੈ ਕਿ ਰਾਸ਼ਟਰਪਤੀ ਟਰੰਪ ਨੇ ਕੈਨੇਡੀਅਨ ਮਾਲ 'ਤੇ 25 ਫੀਸਦੀ ਟੈਰਿਫ 4 ਮਾਰਚ ਤੱਕ ਮੁਲਤਵੀ ਕੀਤਾ ਸੀ, ਇਸ ਵਿੱਚ ਕੈਨੇਡਾ ਦੇ ਤੇਲ ਅਤੇ ਗੈਸ 'ਤੇ 10 ਫੀਸਦੀ ਟੈਰਿਫ ਲਗਾਉਣਾ ਵੀ ਸ਼ਾਮਲ ਹੈ।
ਕੈਨੇਡਾ ਵਲੋਂ ਅਮਰੀਕਾ ਨਾਲ ਲੱਗਦੇ ਬਾਰਡਰ 'ਤੇ ਸਖ਼ਤੀ ਵਧਾਉਣ ਦੇ ਯਤਨਾਂ ਅਤੇ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਬਾਵਜੂਦ ਟਰੰਪ ਨੇ ਪਿਛਲੇ ਵੀਰਵਾਰ ਕਿਹਾ ਸੀ ਕਿ ਉਹ ਕੈਨੇਡਾ ਅਤੇ ਮੈਕਸੀਕੋ 'ਤੇ ਮੰਗਲਵਾਰ ਤੋਂ ਟੈਰਿਫ ਲਾਗੂ ਕਰਨਗੇ।
ਇੱਕ ਇੰਟਰਵਿਊ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਕੋਈ ਤਰੱਕੀ ਨਹੀਂ ਦਿਖਾਈ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜੇ ਇਹ ਟੈਰਿਫ ਲਾਗੂ ਹੁੰਦਾ ਹੈ ਤਾਂ ਔਟਵਾ ਤੁਰੰਤ ਜਵਾਬੀ ਟੈਰਿਫ ਨਾਲ ਪ੍ਰਤੀਕਰਮ ਦੇਵੇਗਾ।