Apr 9, 2025 4:30 PM - Connect Newsroom
ਅਮਰੀਕਾ ਤੋਂ ਅੱਜ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਐਨ.ਆਈ.ਏ. ਅਤੇ ਰਾਅ ਦੀ ਇੱਕ ਜੁਆਇੰਟ ਟੀਮ ਵਲੋਂ ਭਾਰਤ ਲਿਜਾਇਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪੀ. ਐੱਮ. ਮੋਦੀ ਦੇ ਅਮਰੀਕਾ ਦੌਰੇ ਦੌਰਾਨ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਮਨਜੂਰੀ ਦਿੱਤੀ ਸੀ, ਉਥੇ ਹੀ ਰਾਣਾ ਨੇ ਅਮਰੀਕੀ ਸੁਪਰੀਮ ਕੋਰਟ ਵਿਚ ਉਸ ਦੀ ਹਵਾਲਗੀ ਨੂੰ ਰੋਕਣ ਲਈ ਪਟੀਸ਼ਨ ਦਾਇਰ ਕੀਤੀ ਸੀ ਜੋ ਸੋਮਵਾਰ ਨੂੰ ਖਾਰਜ ਕਰ ਦਿੱਤੀ ਗਈ। ਤਹਵੁੱਰ ਰਾਣਾ ਨੂੰ 2009 ਵਿਚ ਐਫ.ਬੀ.ਆਈ. ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਅਮਰੀਕਾ ਵਿਚ ਲਸ਼ਕਰ-ਏ-ਤੋਇਬਾ ਦਾ ਸਮਰਥਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਹੁਣ ਤੱਕ ਉਸ ਨੂੰ ਲਾਸ ਏਂਜਲਸ ਦੇ ਇੱਕ ਨਜ਼ਰਬੰਦੀ ਕੇਂਦਰ ਵਿਚ ਰੱਖਿਆ ਜਾ ਰਿਹਾ ਸੀ।
ਰਿਪੋਰਟਸ ਮੁਤਾਬਕ, ਡੇਵਿਡ ਹੈਡਲੀ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਸੀ। ਰਾਣਾ ਉਸ ਦਾ ਬਚਪਨ ਦਾ ਦੋਸਤ ਸੀ, ਜਿਸ ਨੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ ਸੀ। ਨਵੰਬਰ 2008 ਨੂੰ ਹੋਏ ਇਨ੍ਹਾਂ ਹਮਲਿਆਂ ਵਿਚ ਕੁੱਲ 175 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਨੌਂ ਹਮਲਾਵਰ ਵੀ ਸ਼ਾਮਲ ਸਨ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ।