Nov 25, 2024 7:03 PM - Connect Newsroom
ਪਾਕਿਸਤਾਨ ਦੇ ਪੰਜਾਬ ਦੀ ਅਡਿਆਲਾ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ ’ਤੇ ਉਨ੍ਹਾਂ ਦੀ ਰਿਹਾਈ ਲਈ ਸਮਰਥਕਾਂ ਦਾ ਸੜਕਾਂ ਉੱਤੇ ਹੜ੍ਹ ਆ ਗਿਆ ਹੈ।
ਪ੍ਰਦਰਸ਼ਨਕਾਰੀ ਰਾਜਧਾਨੀ ਇਸਲਾਮਾਬਾਦ ਵੱਲ ਕੂਚ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਚੱਪੇ ਚੱਪੇ ’ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਹੁਣ ਤੱਕ 4 ਹਜ਼ਾਰ ਤੋਂ ਵੱਧ ਇਮਰਾਨ ਸਮਰਥਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਹਨ।
ਇਨ੍ਹਾਂ ਵਿਚ ਇਮਰਾਨ ਖਾਨ ਦੇ 5 ਸਾਂਸਦ ਵੀ ਸ਼ਾਮਲ ਹਨ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਵਲੋਂ ਸਮਰਥਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਈ ਹੋਣ ਤੱਕ ਇਸਲਾਮਾਬਾਦ ਵੱਲ ਆਪਣਾ ਮਾਰਚ ਜਾਰੀ ਰੱਖਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਇਸ ਵਿਚਕਾਰ ਕਈ ਇਲਾਕਿਆਂ ਵਿਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ, ਰਾਜਧਾਨੀ ਇਸਲਾਮਾਬਾਦ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਨੂੰ 23 ਨਵੰਬਰ ਨੂੰ ਹੀ ਕੰਟੇਨਰ ਨਾਲ ਬੰਦ ਕਰ ਦਿੱਤਾ ਗਿਆ ਸੀ।