Mar 18, 2025 1:12 PM - The Associated Press
ਅਮਰੀਕਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਜੋ ਪਿਛਲੇ ਕਰੀਬ 9 ਮਹੀਨਿਆਂ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਫਸੇ ਸਨ, ਉਹਨਾਂ ਦੀ ਧਰਤੀ ਲਈ ਵਾਪਸੀ ਸ਼ੁਰੂ ਹੋ ਚੁੱਕੀ ਹੈ। ਇਹ ਦੋਵੇਂ ਪੁਲਾੜ ਯਾਤਰੀ ਕਰੂ-9 ਮਿਸ਼ਨ ਦੇ ਹੋਰ ਪੁਲਾੜ ਯਾਤਰੀਆਂ ਨਾਲ ਸਪੇਸਐਕਸ ਪੁਲਾੜ ਯਾਨ ਵਿਚ ਧਰਤੀ 'ਤੇ ਵਾਪਸ ਆ ਰਹੇ ਹਨ।
ਵਾਸ਼ਿੰਗਟਨ,ਡੀ ਸੀ ਦੇ ਸਮੇਂ ਮੁਤਾਬਕ, ਸ਼ਾਮ 5 ਵਜੇ ਦੇ ਕਰੀਬ ਇਹ ਪੁਲਾੜ ਯਾਨ ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ ਪ੍ਰਵੇਸ਼ ਕਰੇਗਾ, ਯਾਤਰਾ ਦੇ ਇਸ ਪੜਾਅ ਨੂੰ ਪੁਲਾੜ ਤੋਂ ਧਰਤੀ 'ਤੇ ਵਾਪਸ ਜਾਣ ਵਾਲੀ ਕਿਸੇ ਵੀ ਉਡਾਣ ਲਈ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ।
ਨਾਸਾ ਮੁਤਾਬਕ, ਵਿਲੀਅਮਜ਼ ਅਤੇ ਵਿਲਮੋਰ ਨੂੰ ਲੈ ਕੇ ਆ ਰਿਹਾ ਪੁਲਾੜ ਯਾਨ ਸ਼ਾਮ 5:57 ਵਜੇ ਫਲੋਰੀਡਾ ਦੇ ਤੱਟ 'ਤੇ ਉਤਰੇਗਾ, ਹਾਲਾਂਕਿ, ਇਸ ਦੀ ਲੈਂਡਿੰਗ ਦੇ ਸਟੀਕ ਸਮੇਂ ਅਤੇ ਸਥਾਨ ਵਿਚ ਸਥਿਤੀ ਦੇ ਹਿਸਾਬ ਨਾਲ ਪਰਿਵਰਤਨ ਵੀ ਹੋ ਸਕਦਾ ਹੈ।
ਗੌਰਤਲਬ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਪਿਛਲੇ ਸਾਲ ਜੂਨ ਵਿਚ ਬੋਇੰਗ ਦੇ ਸਟਾਰਲਾਈਨਰ ਕੈਪਸੂਲ ਰਾਹੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਗਏ ਸਨ ਅਤੇ 8 ਦਿਨਾਂ ਬਾਅਦ ਉਨ੍ਹਾਂ ਧਰਤੀ 'ਤੇ ਵਾਪਸ ਆਉਣਾ ਸੀ ਪਰ ਸਟਾਰਲਾਈਨਰ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਨਾਸਾ ਨੇ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਸੀ।