Mar 24, 2025 6:05 PM - Connect Newsroom
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲ ਹੀ ਵਿਚ ਹੋਏ ਵਿਵਾਦ ਮਗਰੋਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਬਾਰੇ ਨਿਯਮ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਉੱਚ ਪੱਧਰੀ ਕਮੇਟੀ ਕਾਇਮ ਹੋਵੇਗੀ।
ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਤਖ਼ਤ ਸਾਹਿਬਾਨ ’ਤੇ ਸੇਵਾ ਨਿਭਾਉਣ ਵਾਲੇ ਜਥੇਦਾਰ ਸਾਹਿਬਾਨ ਦੀ ਸੇਵਾਮੁਕਤੀ ਸਨਮਾਨਜਨਕ ਢੰਗ ਨਾਲ ਕੀਤੀ ਜਾਇਆ ਕਰੇਗੀ ਅਤੇ ਇਹ ਯਤਨ ਕੀਤਾ ਜਾਵੇਗਾ ਕਿ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਕੀਤੇ ਸਿੰਘ ਸਾਹਿਬਾਨ ਨੂੰ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇ। ਧਾਮੀ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ, ਜਿਸ ਪ੍ਰਤੀ ਉਹ ਸੁਚੇਤ ਵੀ ਹਨ।