Mar 28, 2025 5:11 PM - Connect Newsroom
ਸਸਕੈਚਵਨ ਕੈਨੇਡਾ ਦਾ ਪਹਿਲਾ ਪੂਰਨ ਕਾਰਬਨ ਟੈਕਸ –ਫਰੀ ਸੂਬਾ ਬਣਨ ਜਾ ਰਿਹਾ ਹੈ। ਪ੍ਰੀਮੀਅਰ ਸਕਾਟ ਮੋਅ ਨੇ 1 ਅਪ੍ਰੈਲ ਤੋਂ ਉਦਯੋਗਿਕ ਕਾਰਬਨ ਟੈਕਸ ਨੂੰ ਵੀ ਖ਼ਤਮ ਕਰਨ ਦੀ ਘੋਸ਼ਣਾ ਕੀਤੀ ਹੈ। ਪ੍ਰੀਮੀਅਰ ਨੇ ਕਿਹਾ ਕਿ ਇਸ ਕਦਮ ਨਾਲ ਟੈਰਿਫ ਖ਼ਤਰੇ ਵਿਚਕਾਰ ਪਰਿਵਾਰਾਂ, ਕਿਸਾਨਾਂ, ਕਾਰੋਬਾਰਾਂ ਅਤੇ ਉਦਯੋਗਾਂ ਨੂੰ ਤੁਰੰਤ ਵਿੱਤੀ ਰਾਹਤ ਪ੍ਰਦਾਨ ਮਿਲੇਗੀ।
ਗੌਰਤਲਬ ਹੈ ਕਿ ਸਸਕੈਚਵਨ ਸਰਕਾਰ ਦਾ ਇਹ ਕਦਮ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ 14 ਮਾਰਚ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਖਪਤਕਾਰ ਕਾਰਬਨ ਟੈਕਸ ਨੂੰ 1 ਅਪ੍ਰੈਲ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
ਦੋਹਾਂ ਸਰਕਾਰਾਂ ਦੇ ਫੈਸਲੇ ਦਾ ਮਤਲਬ ਹੈ ਕਿ ਸਸਕੈਚਵਨ ਦੇ ਲੋਕਾਂ ਨੂੰ ਹੁਣ ਘਰ ਦੀ ਹੀਟਿੰਗ 'ਤੇ ਫੈਡਰਲ ਕਾਰਬਨ ਟੈਕਸ ਨਹੀਂ ਦੇਣਾ ਪਵੇਗਾ ਅਤੇ ਸੂਬੇ ਦੀ ਇੰਡਸਟਰੀ 'ਤੇ ਕੋਈ ਸੂਬਾਈ ਕਾਰਬਨ ਟੈਕਸ ਨਹੀਂ ਲੱਗੇਗਾ।
ਪ੍ਰੀਮੀਅਰ ਸਕਾਟ ਮੋਅ ਨੇ ਕਿਹਾ ਕਿ ਕਾਰਬਨ ਟੈਕਸ ਤੋਂ ਮੁਕਤ ਹੋਣ ਵਾਲਾ ਸਸਕੈਚਵਨ ਕੈਨੇਡਾ ਦਾ ਪਹਿਲਾ ਸੂਬਾ ਹੈ। ਸੂਬੇ ਦੀ ਵਿਰੋਧੀ ਧਿਰ ਮੁਤਾਬਕ, ਸਰਕਾਰ ਦੇ ਇਸ ਕਦਮ ਨਾਲ ਸਸਕੈਚਵਨ ਦੇ $12 ਮਿਲੀਅਨ ਦੇ ਬਜਟ ਸਰਪਲੱਸ ਵਿਚ ਕਰੀਬ $430 ਮਿਲੀਅਨ ਦੀ ਕਮੀ ਆਉਣ ਦੀ ਉਮੀਦ ਹੈ।