Mar 25, 2025 7:46 PM - Connect Newsroom
ਰੂਸ ਅਤੇ ਯੂਕਰੇਨ- ਬਲੈਕ ਸੀਅ ਵਿਚ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਅਤੇ ਫੌਜੀ ਹਮਲਿਆਂ ਨੂੰ ਰੋਕਣ ਲਈ ਸਹਿਮਤ ਹੋ ਗਏ ਹਨ। ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਨੇ ਕੀਤੀ।
ਅਮਰੀਕਾ ਨੇ ਕਿਹਾ ਕਿ ਦੋਵੇਂ ਦੇਸ਼ ਜੰਗੀ ਕੈਦੀਆਂ ਦੇ ਆਦਾਨ-ਪ੍ਰਦਾਨ, ਕੈਦ ਕੀਤੇ ਗਏ ਨਾਗਰਿਕਾਂ ਨੂੰ ਰਿਹਾਅ ਕਰਨ ਅਤੇ ਰੂਸ ਵਿਚ ਜ਼ਬਰਦਸਤੀ ਲਿਜਾਏ ਗਏ ਯੂਕਰੇਨ ਦੇ ਬੱਚਿਆਂ ਨੂੰ ਵਾਪਸ ਭੇਜਣ ਲਈ ਵੀ ਕੰਮ ਕਰਨਗੇ।
ਇਸ ਵਿਚਕਾਰ ਰੂਸ ਨੇ ਅਮਰੀਕਾ ਤੋਂ ਮੰਗ ਕੀਤੀ ਹੈ ਕਿ ਸੀਜ਼ਫਾਇਰ ਲਾਗੂ ਹੋਣ ਤੋਂ ਪਹਿਲਾਂ ਮਾਸਕੋ ਦੀਆਂ ਬੈਂਕਾਂ ਅਤੇ ਭੋਜਨ ਨਿਰਯਾਤਕ 'ਤੇ ਪਾਬੰਦੀਆਂ ਨੂੰ ਵੀ ਹਟਾਇਆ ਜਾਵੇ। ਗੌਰਤਲਬ ਹੈ ਕਿ ਦੋਵੇਂ ਧਿਰਾਂ ਵਿਚ ਸਮਝੌਤਾ ਕਰਵਾਉਣ ਲਈ ਅਮਰੀਕਾ ਨੇ ਸਾਊਦੀ ਅਰਬ ਵਿਚ ਯੂਕਰੇਨ ਅਤੇ ਰੂਸ ਦੋਵਾਂ ਦੇ ਅਧਿਕਾਰੀਆਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ ਹਨ।
ਓਧਰ, ਰਾਸ਼ਟਰਪਤੀ ਜ਼ੇਲੇਂਸਕੀ ਨੇ ਸਮਝੌਤੇ ਦਾ ਸਵਾਗਤ ਕੀਤਾ ਹੈ ਪਰ ਕਿਹਾ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗਾ ਕਿ ਇਹ ਕਿੰਨਾ ਪ੍ਰਭਾਵੀ ਹੋਵੇਗਾ।