Apr 2, 2025 5:30 PM - Connect Newsroom
ਬ੍ਰਿਟਿਸ਼ ਕੋਲੰਬੀਆ ਵਿਚ ਈਲੋਨ ਮਸਕ ਦੀ ਕੰਪਨੀ ਟੇਸਲਾ ਦੇ ਵਾਹਨਾਂ ਨੂੰ ਟਾਰਗੇਟ ਕੀਤੇ ਜਾਣ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਚ ਇਸੇ ਤਰ੍ਹਾਂ ਦੀ ਇੱਕ ਘਟਨਾ ਕੈਮਰੇ ਵਿਚ ਕੈਦ ਹੋ ਗਈ, ਜਿੱਥੇ ਹੰਬੋਲਟ ਸਟ੍ਰੀਟ 'ਤੇ ਖੜ੍ਹੇ ਇੱਕ ਟੇਸਲਾ ਸਾਈਬਰਟਰੱਕ 'ਤੇ ਇੱਕ ਸ਼ੱਕੀ ਔਰਤ ਵਲੋਂ ਖਰੋਚ ਮਾਰੀ ਗਈ।
ਇਹ ਘਟਨਾ ਸਾਈਬਰਟਰੱਕ ਵਿਚ ਲੱਗੇ ਕੈਮਰੇ ਵਿਚ ਰਿਕਾਰਡ ਹੋ ਗਈ ਸੀ ਅਤੇ ਪੁਲਿਸ ਨੇ ਸ਼ੱਕੀ ਦੀ ਪਛਾਣ ਕਰਨ ਦੀ ਉਮੀਦ ਨਾਲ ਵੀਡੀਓ ਨੂੰ ਜਾਰੀ ਕੀਤਾ ਹੈ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਟੇਸਲਾ ਨਾਲ ਸ਼ਰਾਰਤ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਇੱਕ ਸਾਈਬਰਟਰੱਕ 'ਤੇ ਈਲੋਨ ਮਸਕ ਨੂੰ ਲੈ ਕੇ ਇਤਰਾਜ਼ਯੋਗ ਸ਼ਬਦ ਲਿਖੇ ਗਏ ਸਨ।
ਗੌਰਤਲਬ ਹੈ ਕਿ ਰਾਜਧਾਨੀ ਵਿਚ ਇਹ ਮਾਮਲੇ ਉਦੋਂ ਆਏ ਹਨ, ਜਦੋਂ ਪਿਛਲੇ ਹਫ਼ਤੇ ਵੈਨਕੂਵਰ ਨੇ ਦੱਸਿਆ ਸੀ ਕਿ 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਸ਼ਹਿਰ ਵਿਚ ਟੇਸਲਾ ਵਿਰੋਧੀ 28 ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।