Apr 3, 2025 6:20 PM - Connect Newsroom
ਵੈਨਕੂਵਰ ਦੇ ਸਟੋਰਾਂ ਵਿਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਿਟੀ ਨੇ ਰਿਟੇਲ ਸੁਰੱਖਿਆ ਟਾਸਕ ਫੋਰਸ ਲੌਂਚ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ਨੂੰ ਸਿਟੀ ਕੌਂਸਲ ਵਲੋਂ ਹਰੀ ਝੰਡੀ ਦਿੱਤੀ ਗਈ ਹੈ। ਮੇਅਰ ਕੇਨ ਸਿਮ ਨੇ ਕਿਹਾ ਕਿ ਰਿਟੇਲ ਸੁਰੱਖਿਆ ਟਾਸਕ ਫੋਰਸ ਦਾ ਗਠਨ ਕਰਨ ਦਾ ਉਦੇਸ਼ ਸ਼ਹਿਰ ਭਰ ਦੇ ਸੋਟਰਾਂ ਵਿਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨਾਲ ਨਜਿੱਠਣਾ ਹੈ। ਇਸ ਟਾਸਕ ਫੋਰਸ ਵਿਚ ਵੈਨਕੂਵਰ ਪੁਲਿਸ, ਵਪਾਰ ਸੁਧਾਰ ਐਸੋਸੀਏਸ਼ਨ, ਰਿਟੇਲਰ ਕਾਨੂੰਨੀ ਮਾਹਰ, ਸਮਾਜ ਸੇਵੀ ਅਤੇ ਸੂਬਾ ਸਰਕਾਰ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।
ਇਹ ਟਾਸਕ ਫੋਰਸ ਅਗਲੇ ਛੇ ਮਹੀਨਿਆਂ ਵਿਚ ਚੋਰੀ ਦੇ ਮੂਲ ਕਾਰਨਾਂ ਦੀ ਜਾਂਚ ਕਰੇਗੀ ਅਤੇ ਕੌਂਸਲ ਨੂੰ ਸਿਫਾਰਸ਼ਾਂ ਨਾਲ ਰਿਪੋਰਟ ਸੌਂਪੇਗੀ। ਵੈਨਕੂਵਰ ਸਿਟੀ ਮੁਤਾਬਕ, ਪਿਛਲੇ ਸਾਲ ਪੁਲਿਸ ਨੇ ਸ਼ਹਿਰ ਵਿਚ 7,700 ਦੇ ਕਰੀਬ ਰਿਟੇਲ ਚੋਰੀ ਦੀਆਂ ਘਟਨਾਵਾਂ ਦਰਜ ਕੀਤੀਆਂ, ਜੋ ਇਸ ਤੋਂ ਪਹਿਲੇ ਸਾਲ ਨਾਲੋਂ ਇਨ੍ਹਾਂ ਘਟਨਾਵਾਂ ਵਿਚ 11.7 ਫੀਸਦੀ ਦਾ ਵਾਧਾ ਹੈ।