Mar 14, 2025 3:50 PM - Connect Newsroom
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਚ 30 ਦਿਨਾਂ ਦੀ ਜੰਗਬੰਦੀ ਲਈ ਅਮਰੀਕਾ ਦੇ ਪ੍ਰਸਤਾਵ ਨਾਲ ਸਹਿਮਤੀ ਜਤਾਈ ਹੈ ਪਰ ਇਸ ਦੇ ਨਾਲ ਹੀ ਕਿਹਾ ਕਿ ਲੰਮੇ ਸਮੇਂ ਲਈ ਸ਼ਾਂਤੀ ਅਤੇ ਜੰਗ ਦੇ ਮੂਲ ਕਾਰਨਾਂ ਦਾ ਹੱਲ ਹੋਣਾ ਚਾਹੀਦਾ ਹੈ। ਪੁਤਿਨ ਨੇ ਯੂਕਰੇਨ ਮਸਲੇ ਦੇ ਹੱਲ ਵੱਲ ਧਿਆਨ ਦੇਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ, ਨਾਲ ਹੀ ਉਨ੍ਹਾਂ ਭਾਰਤ, ਚੀਨ ਸਮੇਤ ਦੁਨੀਆ ਦੇ ਹੋਰ ਲੀਡਰਾਂ ਦਾ ਵੀ ਧੰਨਵਾਦ ਕੀਤਾ।
ਪੁਤਿਨ ਨੇ ਮਾਸਕੋ ਵਿਚ ਵੀਰਵਾਰ ਨੂੰ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਜੰਗਬੰਦੀ ਦੀ ਅਸੀਂ ਹਮਾਇਤ ਕਰਦੇ ਹਾਂ ਪਰ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ’ਤੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ।
ਉਨ੍ਹਾਂ ਜੰਗਬੰਦੀ ਦੀ ਸੰਭਾਵਤ ਉਲੰਘਣਾ ਨੂੰ ਕੰਟਰੋਲ ਕਰਨ ਲਈ ਇਕ ਤੰਤਰ ਵਿਕਸਤ ਕਰਨ ਦੀ ਲੋੜ ਵੀ ਜਤਾਈ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਯੂਕਰੇਨ ਜੰਗਬੰਦੀ ਦੀ ਵਰਤੋਂ ਲਾਮਬੰਦੀ ਅਤੇ ਹਥਿਆਰ ਇਕੱਠੇ ਕਰਨ ਲਈ ਕਰ ਸਕਦਾ ਹੈ ਪਰ ਉਨ੍ਹਾਂ ਇਹ ਵੀ ਸਾਫ ਕੀਤਾ ਕਿ ਰੂਸ ਸੰਭਾਵੀ ਜੰਗਬੰਦੀ ਦੀ ਨਿਗਰਾਨੀ ਲਈ ਕਿਸੇ ਵੀ ਨਾਟੋ ਮੁਲਕ ਦੇ ਸ਼ਾਂਤੀ ਸੈਨਿਕਾਂ ਨੂੰ ਸਵੀਕਾਰ ਨਹੀਂ ਕਰੇਗਾ। ਪੁਤਿਨ ਨੇ ਕਿਹਾ ਕਿ ਸੰਕਟ ਦੀ ਜੜ੍ਹ ਖ਼ਤਮ ਕਰਨ ਅਤੇ ਸਥਾਈ ਸ਼ਾਂਤੀ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।