Mar 27, 2025 6:16 PM - Connect Newsroom
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਭਾਰਤ ਦਾ ਦੌਰਾ ਕਰਨਗੇ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰਾਸ਼ਟਰਪਤੀ ਦੇ ਦੌਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਇਹ ਤੈਅ ਨਹੀਂ ਕਿ ਰਾਸ਼ਟਰਪਤੀ ਪੁਤਿਨ ਵਲੋਂ ਇਹ ਦੌਰਾ ਕਿਸ ਮਹੀਨੇ ਜਾਂ ਕਿਸ ਤਰੀਕ ਨੂੰ ਹੋ ਸਕਦਾ ਹੈ।
ਲਾਵਰੋਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਰੂਸ ਦਾ ਆਪਣਾ ਪਹਿਲਾ ਵਿਦੇਸ਼ੀ ਦੌਰਾ ਕੀਤਾ ਸੀ, ਹੁਣ ਸਾਡੀ ਵਾਰੀ ਹੈ। ਲਾਵਰੋਵ ਨੇ ਇੱਹ ਬਿਆਨ ਰੂਸੀ ਅੰਤਰਰਾਸ਼ਟਰੀ ਮਾਮਲਿਆਂ ਦੀ ਕੌਂਸਲ ਵਲੋਂ ਰੂਸ ਅਤੇ ਭਾਰਤ ਦੇ ਸਬੰਧਾਂ ਲਈ ਆਯੋਜਿਤ ਸੰਮੇਲਨ ਦੌਰਾਨ ਦਿੱਤਾ।
ਗੌਰਤਲਬ ਹੈ ਪੁਤਿਨ ਨੇ ਭਾਰਤ ਦਾ ਆਖਰੀ ਦੌਰਾ 6 ਦਸੰਬਰ 2021 ਨੂੰ ਕੀਤਾ ਸੀ। ਉਸ ਦੌਰਾਨ, ਭਾਰਤ ਅਤੇ ਰੂਸ ਵਿਚਕਾਰ 28 ਸਮਝੌਤਿਆਂ 'ਤੇ ਦਸਤਖ਼ਤ ਹੋਏ ਸਨ, ਇਸ ਵਿਚ ਮਿਲਟਰੀ ਅਤੇ ਤਕਨਾਲੋਜੀ ਨਾਲ ਜੁੜੇ ਸਮਝੌਤੇ ਸਨ। ਫਰਵਰੀ 2022 ਵਿਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਭਾਰਤ ਦੌਰਾ ਹੋਵੇਗਾ।