Feb 27, 2025 5:20 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਟਾਰਗੇਟ ਕੀਤਾ ਹੈ। ਉਨ੍ਹਾਂ ਬੀਤੀ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਕੈਨੇਡਾ ਅਤੇ ਕੈਨੇਡਾ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਇਮਾਨਦਾਰੀ ਨਾਲ ਕਹਾਂ ਤਾਂ ਸਾਡੇ ਲਈ ਕੈਨੇਡਾ ਦਾ ਸਮਰਥਨ ਕਰਨਾ ਉੱਚਿਤ ਨਹੀਂ ਹੈ ਅਤੇ ਜੇ ਅਸੀਂ ਉਨ੍ਹਾਂ ਦੀ ਸਪੋਰਟ ਨਾ ਕਰੀਏ ਤਾਂ ਕੈਨੇਡਾ ਇੱਕ ਮੁਲਕ ਦੇ ਰੂਪ ਵਿਚ ਨਹੀਂ ਰਹੇਗਾ।
ਟਰੰਪ ਨੇ ਕਿਹਾ ਕਿ ਅਮਰੀਕਾ ਕੈਨੇਡਾ ਨੂੰ ਹਰ ਸਾਲ $200 ਬਿਲੀਅਨ ਦੀ ਸਬਸਿਡੀ ਦੇ ਰਿਹਾ ਹੈ, ਜਿਸ ਦੇ ਬਿਨਾਂ ਉਸ ਦਾ ਵਜੂਦ ਨਹੀਂ ਹੈ। ਉਨ੍ਹਾਂ ਇੱਕ ਵਾਰ ਫਿਰ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਵੀ ਆਖੀ।
ਕੈਨੇਡੀਅਨ ਮਾਹਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਅਮਰੀਕਾ ਦਾ ਕੈਨੇਡਾ ਨਾਲ ਵਪਾਰ ਘਾਟਾ ਹੈ, ਯਾਨੀ ਅਸੀਂ ਅਮਰੀਕਾ ਨੂੰ ਉਸ ਤੋਂ ਜ਼ਿਆਦਾ ਨਿਰਯਾਤ ਕਰਦੇ ਹਾਂ ਜਿੰਨਾ ਉਹ ਸਾਨੂੰ ਨਿਰਯਾਤ ਕਰਦਾ ਹੈ ਪਰ ਇਹ ਸੰਬੰਧ ਅਮਰੀਕਾ ਦੀ ਅਰਥਵਿਵਸਥਾ ਲਈ ਚੰਗਾ ਹੈ ਕਿਉਂਕਿ ਉਸ ਨੂੰ ਸਸਤੀ ਕੀਮਤ ’ਤੇ ਮਾਲ ਮਿਲਦਾ ਹੈ ਅਤੇ ਇਸ ਨੂੰ ਸਬਸਿਡੀ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ।