Jan 15, 2025 5:37 PM - Connect Newsroom
ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਟੈਰਿਫ ਦੇ ਕਦਮ ’ਤੇ ਅੱਗੇ ਵਧਣਾ ਤੈਅ ਹੈ। ਟਰੰਪ ਨੇ ਕਿਹਾ ਹੈ ਕਿ ਉਹ ਟੈਰਿਫ, ਡਿਊਟੀ ਅਤੇ ਵਿਦੇਸ਼ੀ ਸਰੋਤਾਂ ਤੋਂ ਆਉਣ ਵਾਲੇ ਮਾਲੀਆ ਨੂੰ ਇਕੱਠਾ ਕਰਨ ਲਈ ਇੱਕ ਨਵੀਂ ਫੈਡਰਲ ਏਜੰਸੀ ਸਥਾਪਿਤ ਕਰਨਗੇ। ਇਹ ਏਜੰਸੀ ਬਾਹਰੀ ਆਮਦਨ ਸੇਵਾ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਇਹ ਡਿਪਾਰਟਮੈਂਟ ਕੈਨੇਡਾ, ਮੈਕਸੀਕੋ ਅਤੇ ਚੀਨ ਵਰਗੇ ਦੇਸ਼ਾਂ ’ਤੇ ਦਬਾਅ ਪਾਉਣ ਲਈ ਬਣਾਇਆ ਜਾ ਰਿਹਾ ਹੈ ਤਾਂ ਜੋ ਵਪਾਰ ਅਸੰਤੁਲਨ, ਗੈਰ-ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਟਰੰਪ ਚੀਨ ਸਮੇਤ ਕਈ ਹੋਰ ਦੇਸ਼ਾਂ ਦੇ ਉਤਪਾਦਾਂ ’ਤੇ ਟੈਰਿਫ ਵਧਾਉਣ ਦਾ ਵੀ ਇਰਾਦਾ ਰੱਖਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਜਲਦ ਹੀ ਦੂਜੇ ਦੇਸ਼ਾਂ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਮਾਨ ’ਤੇ ਟੈਰਿਫ ਵਧਾਉਣ ਦਾ ਐਲਾਨ ਕਰ ਸਕਦੇ ਹਨ।
ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਤੋਂ ਚਾਰਜ ਕਰਨਾ ਸ਼ੁਰੂ ਕਰਨਗੇ ਜੋ ਵਪਾਰ ਦੇ ਮਾਧਿਅਮ ਨਾਲ ਸਾਡੇ ਤੋਂ ਪੈਸਾ ਕਮਾਉਂਦੇ ਹਨ। ਉਨ੍ਹਾਂ ਕਿਹਾ ਕਿ 20 ਜਨਵਰੀ 2025 ਬਾਹਰੀ ਆਮਦਨ ਸੇਵਾ ਡਿਪਾਰਟਮੈਂਟ ਦੀ ਜਨਮ ਮਿਤੀ ਹੋਵੇਗੀ।