Mar 19, 2025 6:22 PM - The Canadian Press
ਐਲਬਰਟਾ ਦੀ ਪ੍ਰੀਮਅਰ ਡੈਨੀਅਲ ਸਮਿਥ ਨੇ ਆਪਣੇ ਦਫਤਰ ਦੇ ਬਜਟ ਖਰਚੇ ਵਿਚ ਹੋਏ ਵਾਧੇ ਦਾ ਵਿਰੋਧੀ ਧਿਰ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਊਰਜਾ ਮੰਤਰਾਲੇ ਵਲੋਂ ਤੇਲ ਤੇ ਗੈਸ ਉਦਯੋਗ ਦੇ ਖਰਚ ਲਈ ਇਸ ਦੀ ਵਰਤੋਂ ਕੀਤੀ ਗਈ ਹੈ। ਸਮਿਥ ਨੇ ਬੀਤੇ ਦਿਨ ਵਿਧਾਨਿਕ ਕਮੇਟੀ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਅਤੇ ਯੂਨਾਈਟਿਡ ਕੰਜ਼ਰਵੇਟਿਵ ਦੇ ਬੈਕਬੈਂਚਰ ਨੂੰ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ $4.8-ਮਿਲੀਅਨ ਦੇ ਵਾਧੇ ਨਾਲ ਵਿਵਾਦਿਤ ਕੈਨੇਡੀਅਨ ਊਰਜਾ ਕੇਂਦਰ ਨੂੰ ਸਰਕਾਰ ਵਿਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਇਸ ਸੈਂਟਰ ਨੂੰ ਐਨਰਜੀ ਵਾਰ ਰੂਮ ਵੀ ਕਿਹਾ ਜਾਂਦਾ ਹੈ, ਜਿਸ ਨੂੰ 2019 ਵਿਚ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਤਿਆਰ ਕਰਵਾਇਆ ਸੀ ਅਤੇ ਸ਼ੁਰੂਆਤ ਵਿਚ $30-ਮਿਲੀਅਨ ਦਾ ਬਜਟ ਰੱਖਿਆ ਗਿਆ ਸੀ। ਵਿਰੋਧੀ ਧਿਰ ਐਨ.ਡੀ.ਪੀ. ਨੇ ਇਸ ਨੂੰ ਜਨਤਾ ਦੇ ਡੌਲਰਜ਼ ਦਾ ਨੁਕਸਾਨ ਦੱਸਿਆ ਹੈ।
ਸਰਕਾਰ ਮੁਤਾਬਕ ਇਸ ਤਬਦੀਲੀ ਕਾਰਨ ਹੋਰ ਸਟਾਫ ਰੱਖਿਆ ਗਿਆ ਅਤੇ ਇਸ ਦੇ ਇਸ਼ਤਿਹਾਰ ਲਈ ਪਿਛਲੇ ਸਾਲ ਦੇ ਬਜਟ ਵਿਚੋਂ ਕੁਝ ਖਰਚਿਆ ਗਿਆ। ਇਸ ਦੇ ਇਲਾਵਾ ਹੋਰ ਖਰਚਾ ਉਨ੍ਹਾਂ ਦੇ ਔਫਿਸ ਬਜਟ ਵਿਚ ਇਸ ਸਾਲ ਜੋੜਿਆ ਗਿਆ ਹੈ।