Mar 28, 2025 2:28 PM - The Associated Press
ਮਿਆਂਮਾਰ ਅਤੇ ਥਾਈਲੈਂਡ ਵਿਚ ਅੱਜ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਸ ਕਾਰਨ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬੈਂਕਾਕ ਵਿਚ ਇੱਕ ਉਸਾਰੀ ਅਧੀਨ 30 ਮੰਜ਼ਲਾ ਇਮਾਰਤ ਦੇ ਡਿੱਗ ਜਾਣ ਨਾਲ ਇਸ ਦੇ ਮਲਬੇ ਹੇਠ 80 ਤੋਂ ਵੱਧ ਕਰਮਚਾਰੀ ਫਸੇ ਹਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਟੀਮਾਂ ਕੰਮ ਕਰ ਰਹੀਆਂ ਹਨ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ, ਭੂਚਾਲ ਦੀ ਤੀਬਰਤਾ 7.7 ਸੀ, ਇਸ ਦਾ ਕੇਂਦਰ ਮਿਆਂਮਾਰ ਵਿਚ ਸੀ, ਜਿਸ ਦੇ ਝਟਕੇ ਥਾਈਲੈਂਡ ਤੋਂ ਇਲਾਵਾ ਭਾਰਤ, ਬੰਗਲਾਦੇਸ਼ ਅਤੇ ਚੀਨ ਵਿਚ ਵੀ ਮਹਿਸੂਸ ਕੀਤੇ ਗਏ। ਰਿਪੋਰਟਸ ਮੁਤਾਬਕ, ਭਾਰਤ ਵਿਚ ਕੋਲਕਾਤਾ, ਇੰਫਾਲ, ਮੇਘਾਲਿਆ ਅਤੇ ਈਸਟ ਕਾਰਗੋ ਹਿੱਲ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਬੰਗਲਾਦੇਸ਼ ਵਿਚ ਢਾਕਾ, ਚਟਗਾਓਂ ਸਮੇਤ ਕਈ ਹਿੱਸੇ ਭੂਚਾਲ ਦੇ ਝਟਕੇ ਨਾਲ ਪ੍ਰਭਾਵਿਤ ਹੋਏ। ਉਥੇ ਹੀ, ਮਿਆਂਮਾਰ ਵਿਚ 12 ਮਿੰਟ ਬਾਅਦ 6.4 ਤੀਬਰਤਾ ਦਾ ਇੱਕ ਹੋਰ ਝਟਕਾ ਲੱਗਿਆ। ਗੌਰਤਲਬ ਹੈ ਕਿ ਮਿਆਂਮਾਰ 2021 ਦੇ ਫੌਜੀ ਤਖ਼ਤਾਪਲਟ ਤੋਂ ਬਾਅਦ ਰਾਜਨੀਤਿਕ ਉਥਲ-ਪੁਥਲ ਵਿਚ ਹੈ, ਜਿਸ ਕਾਰਨ ਉਥੇ ਜ਼ਮੀਨੀ ਜਾਣਕਾਰੀ ਪ੍ਰਾਪਤ ਕਰਨਾ ਮੁਸ਼ਕਲ ਹੈ।