Nov 14, 2023 7:14 PM - The Canadian Press
ਸਾਊਥ ਐਡਮੰਟਨ ਵਿੱਚ ਬੀਤੇ ਵੀਰਵਾਰ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਗੈਂਗਸਟਰ ਅਤੇ ਉਸਦੇ 11 ਸਾਲਾ ਬੇਟੇ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਵਾਹਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।
ਸਿਟੀ ਪੁਲਿਸ ਵੱਲੋਂ ਦੱਸਿਆ ਗਿਆ ਕਿ 9 ਨਵੰਬਰ ਨੂੰ ਹਰਪ੍ਰੀਤ ਸਿੰਘ ਉੱਪਲ ਅਤੇ ਉਸਦੇ 11 ਸਾਲਾ ਬੇਟੇ 'ਤੇ 50 ਸਟ੍ਰੀਟ ਅਤੇ ਐਲਰਸਲੀ ਰੋਡ ਨੇੜੇ ਇੱਕ ਗੈਸ ਸਟੇਸ਼ਨ ਅਤੇ ਫਾਸਟ ਫੂਡ ਰੈਸਟੋਰੈਂਟ ਨੇੜੇ ਦੁਪਿਹਰ ਸਮੇਂ ਹਮਲਾ ਹੋਇਆ ਸੀ।
ਲੜਕੇ ਅਤੇ ਉਸਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਪੁਲਿਸ ਵਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਸੀ ਕਿ ਬੱਚਾ ਅਚਾਨਕ ਗੋਲੀਬਾਰੀ ਦਾ ਸ਼ਿਕਾਰ ਨਹੀਂ ਹੋਇਆ ਸਗੋਂ ਉਸਨੂੰ ਵੀ ਜਾਣ-ਬੁੱਝ ਕੇ ਮਾਰਿਆ ਗਿਆ ਹੈ।
ਪੁਲਿਸ ਅਨੁਸਾਰ ਉਸ ਵਾਹਨ ਵਿੱਚ ਮ੍ਰਿਤਕ ਬੱਚੇ ਦਾ 11 ਸਾਲ ਦਾ ਇੱਕ ਦੋਸਤ ਵੀ ਮੌਜੂਦ ਸੀ, ਜੋ ਗੋਲੀਬਾਰੀ ਤੋਂ ਬਾਅਦ ਵਾਹਨ ਚੋਂ ਭੱਜ ਗਿਆ। ਉਸ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ।
ਐਤਵਾਰ ਦੇਰ ਰਾਤ ਸਿਟੀ ਪੁਲਿਸ ਦੇ ਬਿਆਨ ਅਨੁਸਾਰ ਕਤਲ ਤੋਂ ਪਹਿਲਾਂ ਸ਼ੱਕੀ ਇੱਕ ਕਾਲੇ ਰੰਗ ਦੀ BMW SUV ਵਿੱਚ ਆਏ ਸਨ। ਪੁਲਿਸ ਵਲੋਂ ਹੁਣ ਵਾਹਨ ਦੀ ਇੱਕ ਤਸਵੀ੍ਰ ਅਤੇ ਘਟਨਾ ਦੀ ਵੀਡਿਓ ਜਾਰੀ ਕੀਤਾੀ ਗਈ ਹੈ।
ਪੁਲਿਸ ਵਲੋਂ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੋਣ 'ਤੇ 780-423-4567 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।