Feb 26, 2025 7:07 PM - Connect Newsroom
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ ਵਿੱਚ ਰੂਸ ਦੇ ਦੌਰੇ ’ਤੇ ਜਾਣਗੇ। ਰਿਪੋਰਟਸ ਮੁਤਾਬਕ, ਉਹ ਮਾਸਕੋ ਵਿਚ ਰੂਸ ਦੀ 80ਵੀਂ ਵਿਕਟਰੀ ਡੇਅ ਪਰੇਡ ਵਿੱਚ ਹਿੱਸਾ ਲੈਣਗੇ। ਰੂਸ ਨੇ ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਨੂੰ ਹਰਾਇਆ ਸੀ। ਇਸ ਦੇ ਜਸ਼ਨ ਵਿਚ ਉਹ ਹਰ ਸਾਲ 9 ਮਈ ਨੂੰ ਵਿਕਟਰੀ ਡੇਅ ਪਰੇਡ ਦਾ ਆਯੋਜਨ ਕਰਦਾ ਹੈ। ਇਸ ਸਾਲ ਕਈ ਦੇਸ਼ਾਂ ਦੇ ਨੇਤਾ ਇਸ ਪਰੇਡ ਵਿੱਚ ਹਿੱਸਾ ਲੈਣਗੇ। ਰਿਪੋਰਟਸ ਮੁਤਾਬਕ, ਇਸ ਪਰੇਡ ਵਿੱਚ ਭਾਰਤੀ ਫੌਜ ਦੀ ਇੱਕ ਟੁਕੜੀ ਵੀ ਹਿੱਸਾ ਲੈ ਸਕਦੀ ਹੈ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਇਸ ਪਰੇਡ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਚੁੱਕੇ ਹਨ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਵੀ ਰੂਸ ਦਾ ਦੌਰਾ ਕੀਤਾ ਸੀ। ਉਸ ਸਮੇਂ ਉਹ ਰੂਸ ਦੀ ਪ੍ਰਧਾਨਗੀ ਹੇਠ ਹੋਏ 16ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਏ ਸਨ। ਜੇ ਪ੍ਰਧਾਨ ਮੰਤਰੀ ਮੋਦੀ ਮਈ ਵਿੱਚ ਰੂਸ ਜਾਂਦੇ ਹਨ ਤਾਂ ਉਨ੍ਹਾਂ ਦਾ ਦੌਰਾ ਅਜਿਹੇ ਸਮੇਂ ਹੋਵੇਗਾ ਜਦੋਂ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।