Apr 3, 2025 4:24 PM - Connect Newsroom
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਥਾਈਲੈਂਡ ਦੋ ਦਿਨਾਂ ਦੌਰੇ 'ਤੇ ਹਨ। ਇੱਥੇ ਉਨ੍ਹਾਂ ਨੇ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 28 ਮਾਰਚ ਨੂੰ ਆਏ ਭੂਚਾਲ ਵਿਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਭਾਰਤ ਅਤੇ ਥਾਈਲੈਂਡ ਦੇ ਧਾਰਮਿਕ ਤੇ ਸੱਭਿਆਚਾਰਕ ਸਬੰਧਾਂ 'ਤੇ ਗੱਲਬਾਤ ਕੀਤੀ।
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਪਹੁੰਚਣ ਤੋਂ ਬਾਅਦ ਪੀ. ਐੱਮ. ਮੋਦੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉਨ੍ਹਾਂ ਦੇ ਇਸ ਦੌਰੇ ਦੌਰਾਨ ਥਾਈਲੈਂਡ ਅਤੇ ਭਾਰਤ ਨੇ ਇੱਕ ਰਣਨੀਤਕ ਭਾਈਵਾਲੀ ਲਈ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਵਿਚ ਰੱਖਿਆ ਵਿਚ ਸਹਿਯੋਗ ਕਰਨਾ ਅਤੇ ਭਾਰਤ ਤੋਂ ਥਾਈਲੈਂਡ ਤੱਕ ਦੇ 1,300 ਕਿਲੋਮੀਟਰ ਲੰਮੇ ਹਾਈਵੇਅ ਪ੍ਰੋਜੈਕਟ ਨੂੰ ਰਫ਼ਤਾਰ ਦੇਣਾ ਸ਼ਾਮਲ ਹੈ। ਇਹ ਹਾਈਵੇਅ ਉੱਤਰ-ਪੂਰਬੀ ਭਾਰਤ ਤੋਂ ਸ਼ੁਰੂ ਹੋ ਕੇ ਮਿਆਂਮਾਰ ਤੋਂ ਹੁੰਦੇ ਹੋਏ ਉੱਤਰੀ ਥਾਈਲੈਂਡ ਤੱਕ ਪਹੁੰਚੇਗਾ।