Apr 4, 2025 5:59 PM - Connect Newsroom
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੈਂਕਾਕ ਵਿਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਮੁਲਾਕਾਤ ਕੀਤੀ ਗਈ ਹੈ। ਦੋਵੇਂ ਨੇਤਾ BIMSTEC ਸਿਖਰ ਵਾਰਤਾ ਤੋਂ ਇਕਪਾਸੇ ਇੱਕ-ਦੂਜੇ ਨੂੰ ਮਿਲੇ।
ਇਸ ਦੌਰਾਨ ਪੀ.ਐੱਮ. ਮੋਦੀ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਨੂੰ ਦੇਸ਼ ਵਿਚ ਜਲਦ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਅਤੇ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਬਿਆਨਬਾਜ਼ੀ ਤੋਂ ਬਚਣ ਲਈ ਵੀ ਕਿਹਾ।
ਗੌਰਤਲਬ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਪਿਛਲੇ ਸਾਲ ਸੱਤਾ ਤੋਂ ਹਟਾਏ ਜਾਣ ਅਤੇ ਉਸ ਨੂੰ ਭਾਰਤ ਵਿਚ ਸਿਆਸੀ ਸ਼ਰਣ ਮਿਲਣ ਮਗਰੋਂ ਦੋਵਾਂ ਮੁਲਕਾਂ ਦੇ ਆਗੂਆਂ ਦਰਮਿਆਨ ਇਹ ਪਹਿਲੀ ਗੱਲਬਾਤ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਯੂਨਸ ਨਾਲ ਮੁਲਾਕਾਤ ਦੌਰਾਨ ਉਮੀਦ ਪ੍ਰਗਟਾਈ ਕਿ ਬੰਗਲਾਦੇਸ਼ ਵਿਚ ਜਲਦ ਹੀ ਇੱਕ ਲੋਕਤੰਤਰੀ ਅਤੇ ਸਥਿਰ ਸਰਕਾਰ ਦੇਖਣ ਨੂੰ ਮਿਲੇਗੀ। ਇਸ ਦੌਰਾਨ ਉਨ੍ਹਾਂ ਵਲੋਂ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੀਆਂ ਸੁਰੱਖਿਆ ਦਾ ਮੁੱਦਾ ਵੀ ਉਠਾਇਆ ਗਿਆ। ਯੂਨਸ ਨੇ ਭਰੋਸਾ ਦਿੱਤਾ ਕਿ ਬੰਗਲਾਦੇਸ਼ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ 'ਤੇ ਖਰਾ ਉਤਰੇਗੀ।