Feb 10, 2025 5:28 PM - Connect Newsroom
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਅਮਰੀਕਾ ਦੇ ਆਪਣੇ ਦੌਰੇ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਦਾ ਇਹ ਦੌਰਾ 10 ਤੋਂ 14 ਫਰਵਰੀ ਤੱਕ ਹੈ। ਉਹ ਅੱਜ ਅਤੇ ਕੱਲ੍ਹ ਫਰਾਂਸ ਦੇ ਦੌਰੇ ’ਤੇ ਹੋਣਗੇ। ਇਸ ਤੋਂ ਬਾਅਦ 12 ਅਤੇ 13 ਫਰਵਰੀ ਨੂੰ ਉਹ ਅਮਰੀਕਾ ਦੇ ਦੌਰੇ ’ਤੇ ਹੋਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਯਾਤਰਾ ਨੂੰ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਦੱਸਿਆ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਵਧਾਉਣਾ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਮੁੱਖ ਏਜੰਡੇ ਵਿਚ ਸ਼ਾਮਲ ਹੋਵੇਗਾ। ਉਥੇ ਹੀ, ਮੋਦੀ ਦੀ ਫਰਾਂਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਦੇ ਰੱਖਿਆ ਸਬੰਧਾਂ ਵਿਚ ਮਜਬੂਤੀ ਮਿਲਣ ਦੀ ਉਮੀਦ ਹੈ।
ਇਸ ਯਾਤਰਾ ਦੌਰਾਨ ਭਾਰਤ ਅਤੇ ਫਰਾਂਸ ਵਿਚਕਾਰ 26 ਰਾਫੇਲ ਮਰੀਨ ਫਾਈਟਰ ਜੈੱਟ ਅਤੇ 3 ਸਕਾਰਪੀਨ ਕਲਾਸ ਪਣਡੁੱਬੀਆਂ ਦੀ ਖਰੀਦ ਸਮੇਤ ਹੋਰ ਕਈ ਅਹਿਮ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।
ਫਰਾਂਸ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਅਤੇ ਅੱਤਵਾਦ ਦੇ ਮੁੱਦੇ ’ਤੇ ਹਮੇਸ਼ਾ ਭਾਰਤ ਦੇ ਸਮਰਥਨ ਵਿਚ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। 1998 ਵਿਚ ਪੋਖਰਣ ਪਰਮਾਣੂ ਪ੍ਰੀਖਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਤੋਂ ਦੂਰੀ ਬਣਾ ਲਈ ਸੀ ਉਦੋਂ ਭਾਰਤ ਨੇ ਪਹਿਲਾ ਸਾਂਝਾ ਜਲ ਸੈਨਾ ਅਭਿਆਸ ’ਵਰੁਣ’ ਫਰਾਂਸ ਨਾਲ ਹੀ ਕੀਤਾ ਸੀ।