Feb 26, 2025 5:18 PM - Connect Newsroom
ਕੈਨੇਡਾ ਵਿਚ ਐਲੋਨ ਮਸਕ ਦੀ ਨਾਗਰਿਕਤਾ ਖਿਲਾਫ ਪਾਈ ਗਈ ਪਟੀਸ਼ਨ ਨੂੰ ਸਪੋਰਟ ਕਰਨ ਵਾਲੇ ਕੈਨੇਡੀਅਨ ਦੀ ਗਿਣਤੀ 263,000 ਤੋਂ ਪਾਰ ਹੋ ਗਈ ਹੈ। ਹੁਣ ਤੱਕ ਸਭ ਤੋਂ ਵੱਧ ਦਸਤਖਤ ਜਿਸ ਸੂਬੇ ਤੋਂ ਇਸ ਪਟੀਸ਼ਨ ਨੂੰ ਮਿਲੇ ਹਨ ਉਹ ਓਨਟਾਰੀਓ ਹੈ, ਜਿੱਥੋਂ ਦੇ 96,000 ਤੋਂ ਵੱਧ ਲੋਕਾਂ ਨੇ ਐਲੋਨ ਮਸਕ ਦੀ ਕੈਨੇਡੀਅਨ ਨਾਗਰਿਕਤਾ ਖ਼ਤਮ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ।
ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਤੋਂ ਲਗਭਗ 53,000,ਕਿਊਬੈਕ ਤੋਂ 43,000 ਅਤੇ ਐਲਬਰਟਾ ਤੋਂ 25,000 ਤੋਂ ਵੱਧ ਦਸਤਖਤ ਇਸ ਪਟੀਸ਼ਨ ਨੂੰ ਮਿਲੇ ਹਨ। ਮਸਕ ਦੀ ਕੈਨੇਡੀਅਨ ਨਾਗਰਿਕਤਾ ਹਾਲ ਹੀ ਦੇ ਦਿਨਾਂ ਵਿਚ ਉਦੋਂ ਸੁਰਖੀਆਂ ਵਿਚ ਆਈ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਲੇਖਕ ਕੁਆਲੀਆ ਰੀਡ ਨੇ ਪਿਛਲੇ ਹਫ਼ਤੇ ਇਹ ਪਟੀਸ਼ਨ ਲਾਂਚ ਕੀਤੀ।
ਮਸਕ ਕੋਲ ਇਸ ਸਮੇਂ ਦੱਖਣੀ ਅਫ਼ਰੀਕਾ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ, ਉਸ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਦੀ ਵੀ ਨਾਗਰਿਕਤਾ ਹੈ। ਅਮਰੀਕਾ ਦੀ ਨਾਗਰਿਕਤਾ ਉਨ੍ਹਾਂ ਨੂੰ 2002 ਵਿਚ ਮਿਲੀ ਸੀ, ਜਦੋਂ ਕਿ ਕੈਨੇਡਾ ਦੀ ਨਾਗਰਿਕਤਾ ਐਲੋਨ ਮਸਕ ਨੂੰ ਉਨ੍ਹਾਂ ਦੀ ਮਾਂ ਜ਼ਰੀਏ ਮਿਲੀ,ਜੋ ਕਿ ਸਸਕੈਚਵਨ ਦੀ ਰਾਜਧਾਨੀ ਰੇਜੀਨਾ ਤੋਂ ਹੈ।
ਮਸਕ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਹਾਊਸ ਆਫ਼ ਕਾਮਨਜ਼ ਦੇ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਪਟੀਸ਼ਨਾਂ ਵਿਚੋਂ ਇੱਕ ਬਣਨ ਦੀ ਰਾਹ 'ਤੇ ਹੈ।