Jan 30, 2025 2:21 PM - The Canadian Press
ਵਾਸ਼ਿੰਗਟਨ ਵਿਚ ਬੁੱਧਵਾਰ ਦੇਰ ਰਾਤ 60 ਯਾਤਰੀਆਂ ਅਤੇ 4 ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾ ਰਿਹਾ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਵਰਜੀਨੀਆ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਵਾ ਵਿਚ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ,ਜਿਸ ਤੋਂ ਬਾਅਦ ਇਹ ਦੋਵੇਂ ਨੇੜੇ ਦੀ ਪੋਟੋਮੈਕ ਨਦੀ ਵਿਚ ਡਿੱਗ ਗਏ। ਅਧਿਕਾਰੀਆਂ ਮੁਤਾਬਕ,ਫੌਜ ਦੇ ਬਲੈਕ ਹਾਕ ਹੈਲੀਕਾਪਟਰ ਵਿਚ ਤਿੰਨ ਸੈਨਿਕ ਸਵਾਰ ਸਨ।
ਵਾਸ਼ਿੰਗਟਨ,ਡੀ.ਸੀ.,ਖੇਤਰ ਦੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਮੁਖੀ ਜੌਹਨ ਡੌਨੇਲੀ ਨੇ ਕਿਹਾ ਕਿ ਇਸ ਹਾਦਸੇ ਵਿਚ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ ਅਤੇ ਬਚਾਅ ਕਰਮਚਾਰੀ ਹੁਣ ਰਿਕਵਰੀ ਓਪਰੇਸ਼ਨ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋ ਦਰਜਨ ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਆਵਾਜਾਈ ਸਕੱਤਰ ਸ਼ੌਨ ਡਫੀ ਨੇ ਕਿਹਾ ਕਿ ਰਾਤ ਬਿਲਕੁਲ ਸਾਫ ਸੀ,ਪਾਇਲਟ ਵੀ ਤਜਰਬੇਕਾਰ ਸਨ ਅਤੇ ਹਾਦਸੇ ਤੋਂ ਪਹਿਲਾਂ ਸਭ ਕੁਝ ਠੀਕ ਸੀ ਪਰ ਸਪੱਸ਼ਟ ਤੌਰ 'ਤੇ ਕੁਝ ਹੋਇਆ,ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚਕਰਤਾ ਇਸ ਗੱਲ 'ਤੇ ਫੋਕਸ ਕਰ ਰਹੇ ਹਨ ਕਿ ਹੈਲੀਕਾਪਟਰ ਉਸ ਲੋਕਸ਼ਨ 'ਤੇ ਕਿਉਂ ਉੱਡ ਰਿਹਾ ਸੀ।