Mar 12, 2025 2:10 PM - The Associated Press
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਹਥਿਆਰਬੰਦ ਕੱਟੜਪੰਥੀਆਂ ਵਲੋਂ ਹਾਈਜੈਕ ਕੀਤੀ ਗਈ ਯਾਤਰੀਆਂ ਨਾਲ ਭਰੀ ਟਰੇਨ ਦੇ ਬੰਧਕਾਂ ਨੂੰ ਛੁਡਾਉਣ ਲਈ ਅਜੇ ਵੀ ਓਪਰੇਸ਼ਨ ਜਾਰੀ ਹੈ। ਪਾਕਿਸਤਾਨੀ ਰਿਪੋਰਟਸ ਮੁਤਾਬਕ,ਆਤਮਘਾਤੀ ਹਮਲਾਵਰਾਂ ਵਲੋਂ ਤਿੰਨ ਵੱਖ-ਵੱਖ ਥਾਵਾਂ 'ਤੇ ਔਰਤਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ ਰੱਖਆ ਗਿਆ ਹੈ ਅਤੇ ਉਨ੍ਹਾਂ ਨੂੰ ਮਨੁੱਖੀ ਢਾਲ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਓਪਰੇਸ਼ਨ ਸਾਵਧਾਨੀ ਨਾਲ ਚਲਾਇਆ ਜਾ ਰਿਹਾ ਹੈ। ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਜ਼ਾਫਰ ਐਕਸਪ੍ਰੈਸ ਟਰੇਨ ਉੱਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਯਾਤਰੀ ਟਰੇਨ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਸੀ। ਟਰੇਨ ਨੂੰ ਅਗਵਾ ਕਰਨ ਵਾਲੇ ਘੱਟੋ-ਘੱਟ 30 ਅੱਤਵਾਦੀ ਹੁਣ ਤੱਕ ਸੁਰੱਖਿਆ ਬਲਾਂ ਵਲੋਂ ਮਾਰੇ ਗਏ ਹਨ ਅਤੇ 190 ਯਾਤਰੀਆਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ 37 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਿਪੋਰਟਸ ਮੁਤਾਬਕ, ਜ਼ਾਫਰ ਐਕਸਪ੍ਰੈਸ 'ਤੇ ਹਮਲੇ ਸਮੇਂ ਇਸ ਵਿਚ ਸੁਰੱਖਿਆ ਕਰਮਚਾਰੀਆਂ ਸਮੇਤ ਲਗਭਗ 450 ਲੋਕਾਂ ਸਵਾਰ ਸਨ।