Jan 17, 2025 3:07 PM - The Canadian Press
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਅਲ-ਕਾਦਿਰ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 14 ਸਾਲ ਦੀ ਸਜ਼ਾ ਸੁਣਾਈ ਹੈ, ਨਾਲ ਹੀ ਉਨ੍ਹਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਮਰਾਨ ਖ਼ਾਨ ਪਹਿਲਾਂ ਤੋਂ ਹੀ ਜੇਲ੍ਹ ਵਿਚ ਬੰਦ ਹਨ ਤੇ ਉਨ੍ਹਾਂ ਦੀ ਰਿਹਾਈ ਹੋਰ ਮੁਸ਼ਕਲ ਹੋ ਗਈ ਹੈ।
ਕੋਰਟ ਨੇ ਇਸੇ ਭ੍ਰਿਸ਼ਟਾਚਾਰ ਮਾਮਲੇ ਵਿਚ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ ਸੱਤ ਸਾਲ ਦੀ ਸਜ਼ਾ ਸੁਣਾਈ ਹੈ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਦੋਂ ਅਦਾਲਤ ਨੇ ਇਹ ਸਜ਼ਾ ਸੁਣਾਈ ਤਾਂ ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਅਤੇ ਪੀਟੀਆਈ ਦੇ ਕਈ ਹੋਰ ਸੀਨੀਅਰ ਆਗੂ ਅਦਾਲਤ ਵਿਚ ਮੌਜੂਦ ਸਨ।
ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖ਼ਿਲਾਫ਼ ਅਲ-ਕਾਦਿਰ ਟਰੱਸਟ ਦਾ ਇਹ ਮਾਮਲਾ 56 ਏਕੜ ਤੋਂ ਵੱਧ ਜ਼ਮੀਨ ਦੇ ਦਾਨ ਨਾਲ ਸਬੰਧਤ ਹੈ। ਇਲਜ਼ਾਮ ਹੈ ਕਿ ਦੋਵਾਂ ਨੇ ਇੱਕ ਰੀਅਲ ਅਸਟੇਟ ਕੰਪਨੀ ਤੋਂ ਕਾਲੇ ਧਨ ਨੂੰ ਕਾਨੂੰਨੀ ਰੂਪ ਵਿਚ ਬਦਲਣ ਦੇ ਬਦਲੇ ਵਿਚ ਅਰਬਾਂ ਰੁਪਏ ਦੀ ਇਹ ਜ਼ਮੀਨ ਆਪਣੇ ਟਰੱਸਟ ਲਈ ਦਾਨ ਵਜੋਂ ਹਾਸਲ ਕੀਤੀ ਸੀ।