Mar 31, 2025 5:28 PM - Connect Newsroom
ਮਿਆਂਮਾਰ ਵਿਚ ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਦੇਸ਼ ਵਿਚ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਮਿਆਂਮਾਰ ਦੀ ਫੌਜੀ ਲੀਡਰਸ਼ਿਪ ਨੇ ਹਫ਼ਤੇ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਇਸ ਭੂਚਾਲ ਵਿਚ 60 ਤੋਂ ਜ਼ਿਆਦਾ ਮਸਜਿਦਾਂ ਤਬਾਹ ਹੋਈਆਂ ਹਨ। ਇਸ ਵਿਚਕਾਰ ਥਾਈਲੈਂਡ ਦੀ ਸਰਕਾਰ ਨੇ ਬੈਂਕਾਕ ਵਿਚ ਭੂਚਾਲ ਕਾਰਨ ਉਸਾਰੀ ਅਧੀਨ 33 ਮੰਜ਼ਲਾ ਇਮਾਰਤ ਡਿੱਗਣ ਦੀ ਜਾਂਚ ਸ਼ੁਰੂ ਕੀਤੀ ਹੈ।
ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਜਾਂਚ ਦੇ ਆਦੇਸ਼ ਦਿੱਤੇ। ਇਸ ਇਮਾਰਤ ਦਾ ਨਿਰਮਾਣ ਇੱਕ ਸਾਂਝੇ ਉੱਦਮ ਵਲੋਂ ਕੀਤਾ ਜਾ ਰਿਹਾ ਸੀ, ਜਿਸ ਵਿਚ ਇੱਕ ਚੀਨੀ ਫਰਮ ਸ਼ਾਮਲ ਸੀ। ਇਹ ਢਹਿ-ਢੇਰੀ ਹੋਈ ਇਮਾਰਤ ਥਾਈਲੈਂਡ ਦੇ ਸਟੇਟ ਆਡਿਟ ਦਫਤਰ ਦਾ ਨਵਾਂ ਮੁੱਖ ਦਫ਼ਤਰ ਬਣਨ ਵਾਲੀ ਸੀ।
ਇਸ ਦੀ ਉਸਾਰੀ ਤਿੰਨ ਸਾਲਾਂ ਤੋਂ ਚੱਲ ਰਹੀ ਸੀ। ਗੌਰਤਲਬ ਹੈ ਕਿ ਮਿਆਂਮਾਰ ਅਤੇ ਥਾਈਲੈਂਡ ਵਿਚ ਸ਼ੁੱਕਰਵਾਰ ਨੂੰ ਆਇਆ 7.7 ਤੀਬਰਤਾ ਵਾਲਾ ਭੂਚਾਲ 200 ਸਾਲਾਂ ਦਾ ਸਭ ਤੋਂ ਵੱਡਾ ਭੂਚਾਲ ਸੀ।