Feb 24, 2025 6:59 PM - Connect Newsroom
ਕੈਨੇਡਾ ਦੇ 170,000 ਤੋਂ ਵੱਧ ਲੋਕਾਂ ਨੇ ਇੱਕ ਸੰਸਦੀ ਪਟੀਸ਼ਨ ’ਤੇ ਦਸਤਖਤ ਕੀਤੇ ਹਨ ਜਿਸ ਵਿਚ ਸਰਕਾਰ ਨੂੰ ਐਲੋਨ ਮਸਕ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹਾਊਸ ਆਫ ਕਾਮਨਜ਼ ਦੀ ਵੈੱਬਸਾਈਟ ’ਤੇ ਪਾਈ ਗਈ ਇਹ ਪਟੀਸ਼ਨ ਬੀਸੀ-ਅਧਾਰਿਤ ਲੇਖਕ ਕੁਆਲੀਆ ਰੀਡ ਨੇ ਲੌਂਚ ਕੀਤੀ ਸੀ, ਜਿਸ ਨੂੰ ਐਨਡੀਪੀ ਦੇ ਸੰਸਦ ਮੈਂਬਰ ਚਾਰਲੀ ਐਂਗਸ ਨੇ ਸਪਾਂਸਰ ਕੀਤਾ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਐਲੋਨ ਮਸਕ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ ਜੋ ਕੈਨੇਡਾ ਦੇ ਰਾਸ਼ਟਰੀ ਹਿੱਤ ਦੇ ਖਿਲਾਫ ਹਨ। ਇਸ ਵਿਚ ਟੈਕ ਅਰਬਪਤੀ ’ਤੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟਰੰਪ ਦੀਆਂ ਨੀਤੀਆਂ ਦਾ ਸਮਰਥਨ ਕਰਨ ਦਾ ਆਰੋਪ ਲਗਾਇਆ ਗਿਆ ਹੈ ਕਿਉਂਕਿ ਮਸਕ ਟਰੰਪ ਦੇ ਮੁੱਖ ਸਲਾਹਕਾਰ ਹਨ।
ਦੱਖਣੀ ਅਫਰੀਕਾ ਵਿਚ ਜਨਮੇ ਐਲੋਨ ਮਸਕ ਨੂੰ ਕੈਨੇਡਾ ਦੀ ਨਾਗਰਿਕਤਾਂ ਉਨ੍ਹਾਂ ਦੀ ਮਾਂ ਜ਼ਰੀਏ ਮਿਲੀ ਸੀ, ਜੋ ਕਿ ਰੇਜੀਨਾ ਤੋਂ ਕੈਨੇਡੀਅਨ ਨਾਗਰਿਕਤਾ ਹੈ। ਪਟੀਸ਼ਨ ’ਤੇ ਦਸਤਖਤ ਕਰਨ ਵਾਲੇ ਕੈਨੇਡੀਅਨ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਸਕ ਦੀ ਦੋਹਰੀ ਨਾਗਰਿਕਤਾ ਅਤੇ ਉਸ ਦਾ ਕੈਨੇਡੀਅਨ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਹੈ।