Mar 11, 2025 7:41 PM - Connect Newsroom
ਓਨਟਾਰੀਓ ਨੇ ਅਮਰੀਕਾ ਨੂੰ ਨਿਰਯਾਤ ਕੀਤੀ ਜਾਂਦੀ ਬਿਜਲੀ 'ਤੇ 25 ਫੀਸਦੀ ਸਰਚਾਰਜ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਪ੍ਰੀਮੀਅਰ ਡੱਗ ਫੋਰਡ ਅਤੇ ਟਰੰਪ ਦੇ ਕਾਮਰਸ ਸਕੱਤਰ ਹਾਵਰਡ ਲੂਟਨਿਕ ਵਿਚਕਾਰ ਹਾਂ-ਪੱਖੀ ਮਾਹੌਲ ਵਿਚ ਹੋਈ ਗੱਲਬਾਤ ਮਗਰੋਂ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਓਨਟਾਰੀਓ ਨੇ ਸਰਚਾਰਜ ਵਾਪਸ ਲੈਣ 'ਤੇ ਸਹਿਮਤੀ ਪ੍ਰਗਟਾਈ ਹੈ।
ਪ੍ਰੀਮੀਅਰ ਡੱਗ ਫੋਰਡ ਟਰੰਪ ਦੇ ਕਾਮਰਸ ਸਕੱਤਰ ਨਾਲ ਮੁਲਾਕਾਤ ਲਈ ਇਸ ਹਫ਼ਤੇ ਵਾਸ਼ਿੰਗਟਨ ਵੀ ਜਾਣਗੇ। ਇਹ ਬਦਲਾਅ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਓਨਟਾਰੀਓ ਦੇ ਸਰਚਾਰਜ ਦੇ ਬਦਲੇ ਵਿਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫ ਨੂੰ ਦੁੱਗਣਾ ਕਰਕੇ 50 ਫੀਸਦੀ ਕਰਨ ਦਾ ਐਲਾਨ ਕੀਤਾ ਸੀ।
ਇਸ ਵਿਚਕਾਰ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਦਾ ਵੀ ਬਿਆਨ ਆਇਆ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਜੇ ਕੈਨੇਡਾ ਅਮਰੀਕਾ ਤੇ ਸਾਡੇ ਨਾਗਰਿਕਾਂ ਲਈ ਬਿਜਲੀ ਬੰਦ ਕਰਨ ਬਾਰੇ ਸੋਚਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਗੌਰਤਲਬ ਹੈ ਕਿ ਓਨਟਾਰੀਓ ਦੇ ਪ੍ਰੀਮੀਅਰ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਟੈਰਿਫ ਵਧਣ ਦੀ ਸੂਰਤ ਵਿਚ ਅਮਰੀਕਾ ਦੇ ਤਿੰਨ ਰਾਜਾਂ ਨੂੰ ਦਿੱਤੀ ਜਾਂਦੀ ਬਿਜਲੀ ਵੀ ਰੋਕ ਸਕਦੇ ਹਨ।