Feb 28, 2025 10:19 AM - The Canadian Press
ਓਨਟਾਰੀਓ ਚੋਣਾਂ ਦੇ ਨਤੀਜੇ ਵਿਚ ਡੱਗ ਫੋਰਡ ਦੀ ਅਗਵਾਈ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਸੱਤਾ ਵਿਚ ਮੁੜ ਵਾਪਸੀ ਹੋ ਗਈ ਹੈ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਫੋਰਡ ਦੀ ਲੀਡਰਸ਼ਿਪ ਵਿਚ ਪਾਰਟੀ ਨੇ ਬਹੁਮਤ ਹਾਸਲ ਕੀਤਾ।
ਇਹ ਪੂਰਾ ਇਲੈਕਸ਼ਨ ਟੈਰਿਫ ਦੇ ਮੁੱਦੇ 'ਤੇ ਕੇਂਦਰਿਤ ਸੀ, ਡੱਗ ਫੋਰਡ ਨੇ ਇਸ ਨੂੰ ਹੀ ਮੁੱਦਾ ਬਣਾਉਂਦੇ ਹੋਏ ਸਮੇਂ ਤੋਂ ਪਹਿਲਾਂ ਆਪਣੀ ਸਰਕਾਰ ਭੰਗ ਕਰਕੇ ਚੋਣਾਂ ਵਿਚ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਓਨਟਾਰੀਓ ਵਾਸੀਆਂ ਨੂੰ ਕਿਹਾ ਸੀ ਕਿ ਟਰੰਪ ਦੇ agenda ਨਾਲ ਨਜਿੱਠਣ ਲਈ ਉਨ੍ਹਾਂ ਨੂੰ ਮਜਬੂਤ ਬਹੁਮਤ ਚਾਹੀਦਾ ਹੈ। ਜਿੱਤ ਤੋਂ ਬਾਅਦ ਦੇ ਭਾਸ਼ਣ ਵਿਚ ਵੀ ਫੋਰਡ ਨੇ ਟਰੰਪ ਨੂੰ ਨਿਸ਼ਾਨੇ 'ਤੇ ਲਿਆ, ਉਨ੍ਹਾਂ ਕਿਹਾ ਕਿ ਟਰੰਪ ਸੋਚਦੇ ਨੇ ਕਿ ਉਹ ਸਾਨੂੰ ਤੋੜ ਸਕਦੇ ਨੇ ਪਰ ਇਹ ਉਨ੍ਹਾਂ ਦੀ ਵੱਡੀ ਗਲਤਫਹਿਮੀ ਹੈ, ਕੈਨੇਡਾ ਕਦੇ ਵੀ 51ਵਾਂ ਸੂਬਾ ਨਹੀਂ ਬਣੇਗਾ।
ਗੌਰਤਲਬ ਹੈ ਕਿ ਓਨਟਾਰੀਓ ਵਿਚ ਐੱਨ. ਡੀ. ਪੀ. ਮੁੱਖ ਵਿਰੋਧੀ ਧਿਰ ਵਿਚ ਬੈਠੇਗੀ, ਜਦੋਂ ਕਿ ਲਿਬਰਲ ਪਾਰਟੀ ਤੀਜੇ ਸਥਾਨ 'ਤੇ ਆਈ ਹੈ। ਹੁਣ ਤੱਕ ਦੀਆਂ ਲਗਭਗ ਸਾਰੀਆਂ ਪੋਲ ਰਿਪੋਰਟਿੰਗ ਰਿਪੋਰਟਸ ਅਨੁਸਾਰ, ਫੋਰਡ ਦੀ ਪਾਰਟੀ ਨੇ ਵਿਧਾਨ ਸਭਾ ਦੀਆਂ 124 ਸੀਟਾਂ ਵਿਚੋਂ 80 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਜਾਂ ਅੱਗੇ ਚੱਲ ਰਹੀ ਹੈ, ਉੱਥੇ ਹੀ, ਐਨ.ਡੀ.ਪੀ. 27, ਲਿਬਰਲ ਪਾਰਟੀ 14 ਅਤੇ ਗ੍ਰੀਨਸ ਦੋ ਸੀਟਾਂ 'ਤੇ ਅੱਗੇ ਸਨ।