Feb 3, 2025 7:08 PM - Connect Newsroom
ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ’ਤੇ ਭਾਰੀ ਟੈਰਿਫ ਲਗਾਉਣ ਦੇ ਜਵਾਬ ਵਿਚ ਐਲਨ ਮਸਕ ਦੀ ਸਟਾਰਲਿੰਕ ਨਾਲ ਇੰਟਰਨੈੱਟ ਲਈ ਠੇਕਾ ਰੱਦ ਕਰਨ ਦੀ ਘੋਸ਼ਣਾ ਕੀਤੀ ਹੈ।
ਪ੍ਰੀਮੀਅਰ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਕੰਪਨੀਆਂ ਨੂੰ ਸੂਬੇ ਦੇ ਠੇਕੇ ਵਿਚ ਸ਼ਾਮਲ ਹੋਣ ਤੋਂ ਵੀ ਪਾਬੰਦੀ ਲਗਾ ਰਹੇ ਹਨ। ਓਨਟਾਰੀਓ ਸਰਕਾਰ ਨੇ ਐਲਨ ਮਸਕ ਦੀ ਸਟਾਰਲਿੰਕ ਨਾਲ ਨਵੰਬਰ ਵਿਚ $100 ਬਿਲੀਅਨ ਦਾ ਸਮਝੌਤਾ ਕੀਤਾ ਸੀ, ਇਸ ਦਾ ਉਦੇਸ਼ ਇਸ ਸਾਲ ਜੂਨ ਤੱਕ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ 15,000 ਘਰਾਂ ਅਤੇ ਕਾਰੋਬਾਰਾਂ ਨੂੰ ਸਟਾਰਲਿੰਕ ਦੀ ਸੈਟੇਲਾਈਟ ਸਰਵਿਸ ਰਾਹੀਂ ਹਾਈ-ਸਪੀਡ ਇੰਟਰਨੈੱਟ ਪ੍ਰਦਾਨ ਕਰਨਾ ਸੀ।
ਫੋਰਡ ਨੇ ਕਿਹਾ ਕਿ ਓਨਟਾਰੀਓ-ਅਮਰੀਕੀ ਕੰਪਨੀਆਂ ’ਤੇ ਪਾਬੰਦੀ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਅਮਰੀਕਾ ਟੈਰਿਫ ਨਹੀਂ ਹਟਾ ਲੈਂਦਾ। ਉਨ੍ਹਾਂ ਸਖ਼ਤ ਲਹਿਜੇ ਵਿਚ ਕਿਹਾ ਕਿ ਸੂਬਾ ਉਨ੍ਹਾਂ ਲੋਕਾਂ ਨਾਲ ਵਪਾਰ ਨਹੀਂ ਕਰ ਸਕਦਾ ਜੋ ਸਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਦਾ ਹੈ। ਗੌਰਤਲਬ ਹੈ ਕਿ ਐਲਨ ਮਸਕ ਟਰੰਪ ਦੇ ਪ੍ਰਮੁੱਖ ਸਲਾਹਕਾਰ ਹਨ।