Apr 18, 2025 5:54 PM - Connect Newsroom
ਕੈਨੇਡਾ ਵਿਚ ਵੋਟਿੰਗ ਦਾ ਦਿਨ ਨਜ਼ਦੀਕ ਆਉਣ ਵਿਚਕਾਰ ਐੱਨ. ਡੀ. ਪੀ. ਚੋਣ ਸਰਵਿਆਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੀ ਹੈ। ਨੈਨੋ ਰਿਸਰਚ ਦੇ 17 ਅਪ੍ਰੈਲ ਤੱਕ ਦੇ ਤਿੰਨ ਦਿਨਾਂ ਟ੍ਰੈਕਿੰਗ ਸਰਵੇ ਮੁਤਾਬਕ, ਜਗਮੀਤ ਸਿੰਘ ਦੀ ਐੱਨ. ਡੀ. ਪੀ. ਦੀ ਸਪੋਰਟ 0.5 ਫੀਸਦੀ ਅੰਕ ਡਿੱਗ ਕੇ 8 ਫੀਸਦੀ 'ਤੇ ਦੇਖੀ ਜਾ ਰਹੀ ਹੈ। ਉਥੇ ਹੀ, ਲਿਬਰਲਸ ਅਤੇ ਕੰਜ਼ਰਵੇਟਿਵ ਵਿਚਕਾਰ ਮੁਕਾਬਲਾ ਕਰੜਾ ਹੈ।
ਇਸ ਵਿਚਕਾਰ ਜਗਮੀਤ ਸਿੰਘ ਨੇ ਕਿਊਬੈਕ ਦੇ ਯਾਮਾਚਿਚ ਵਿਚ ਚੋਣ ਕੰਪੇਨ ਮੌਕੇ ਪੱਤਰਾਕਾਰਾਂ ਨਾਲ ਗੱਲ ਕਰਦੇ ਲਿਬਰਲਸ ਅਤੇ ਕੰਜ਼ਰਵੇਟਿਵ ਦੋਵਾਂ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਐੱਨ. ਡੀ. ਪੀ. ਇਕਮਾਤਰ ਪਾਰਟੀ ਹੈ ਜੋ ਰੈਵੇਨਿਊ ਵਿਚ ਅਸਲ ਵਾਧੇ ਅਤੇ ਕੈਨੇਡੀਅਨ ਵਿਚ ਇਨਵੈਸਟ ਦੀ ਗੱਲ ਕਰ ਰਹੀ ਹੈ, ਜਦੋਂ ਕਿ ਹੋਰ ਪਾਰਟੀਆਂ ਕੈਨੇਡੀਅਨ ਲਈ ਜ਼ਰੂਰੀ ਸਰਵਿਸਿਜ਼ ਵਿਚ ਕਟੌਤੀ ਕਰਨ ਦਾ ਇਰਾਦਾ ਰੱਖਦੀਆਂ ਹਨ।
ਗੌਰਤਲਬ ਹੈ ਕਿ ਜਗਮੀਤ ਸਿੰਘ ਬਰਨਬੀ ਸੈਂਟਰਲ ਤੋਂ ਚੋਣ ਲੜ ਰਹੇ ਹਨ, ਉਨ੍ਹਾਂ ਦੇ ਮੁਕਾਬਲੇ ਵਿਚ ਤਿੰਨ ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਲਿਬਰਲ ਵਲੋਂ ਵੇਡ ਚਾਂਗ, ਕੰਜ਼ਰਵੇਟਿਵ ਵਲੋਂ ਜੇਮਸ ਯਾਨ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਵਲੋਂ ਰਿਚਰਡ ਫਾਰਬ੍ਰਿਜ ਉਮੀਦਵਾਰ ਹਨ।