Apr 2, 2025 5:33 PM - Connect Newsroom
ਮਿਆਂਮਾਰ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,886 ਹੋ ਗਈ ਹੈ। ਇਹ ਜਾਣਕਾਰੀ ਮਿਆਂਮਾਰ ਦੀ ਫੌਜੀ ਸਰਕਾਰ ਨੇ ਬੁੱਧਵਾਰ ਨੂੰ ਦਿੱਤੀ। ਭੂਚਾਲ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 4,639 ਦੱਸੀ ਜਾ ਰਹੀ ਹੈ, ਜਦੋਂ ਕਿ 373 ਲੋਕ ਅਜੇ ਵੀ ਲਾਪਤਾ ਹਨ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਮੰਨਿਆ ਜਾ ਰਿਹਾ ਹੈ ਕਿ 28 ਮਾਰਚ ਨੂੰ ਮਿਆਂਮਾਰ ਵਿਚ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਰਿਪੋਰਟਸ ਮੁਤਾਬਕ, ਉਥੋਂ ਦੀ ਫੌਜੀ ਸਰਕਾਰ ਇਨ੍ਹਾਂ ਅੰਕੜਿਆਂ ਨੂੰ ਘੱਟ ਕਰਕੇ ਦੱਸ ਰਹੀ ਹੈ।
ਮਿਆਂਮਾਰ ਵਿਚ ਮੰਗਲਵਾਰ ਨੂੰ ਵੀ 4.7 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਹਨ। ਇਸ ਤੋਂ ਪਹਿਲਾਂ 28 ਮਾਰਚ ਨੂੰ ਆਇਆ ਭੂਚਾਲ 7.7 ਤੀਬਰਤਾ ਸੀ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਸਕਦੀ ਹੈ।