Jan 8, 2025 5:37 PM - The Canadian Press
ਵੈਨਕੂਵਰ ਆਈਲੈਂਡ ਪੁਲਿਸ ਨੇ ਵਿਕਟੋਰੀਆ ਨੇੜੇ ਇੱਕ ਘਰ ਵਿਚ ਛਾਪੇਮਾਰੀ ਦੌਰਾਨ $1.7 ਮਿਲੀਅਨ ਤੋਂ ਵੱਧ ਪਾਬੰਦੀਸ਼ੁਦਾ ਸਿਗਰੇਟ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਗੈਰ-ਕਾਨੂੰਨੀ ਤੰਬਾਕੂ ਦੀ ਵਿਕਰੀ ਨਾਲ ਸਰਕਾਰ ਦੇ ਰੈਵੇਨਿਊ ਵਿਚ ਕਮੀ ਆਉਂਦੀ ਹੈ ਜਿਸ ਨਾਲ ਕੈਨੇਡਾ ਦਾ ਆਰਥਿਕਤਾ ਨੂੰ ਨੁਕਸਾਨ ਪਹੁੰਚਦਾ ਹੈ।
ਵੈਸਟ ਸ਼ੋਰ ਆਰ.ਸੀ.ਐਮ.ਪੀ. ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਕਿ ਪੁਲਿਸ ਵਲੋਂ ਲੈਂਗਫੋਰਡ ਦੇ ਸੇਚਫੀਲਡ ਐਵੇਨਿਊ ਵਿਚ ਸਥਿਤ ਇੱਕ ਘਰ ਵਿਚ ਤਲਾਸ਼ੀ ਲਈ ਗਈ, ਜਿਸ ਦੌਰਾਨ ਪਾਬੰਦੀਸ਼ੁਦਾ ਸਿਗਰੇਟ ਦਾ ਜ਼ਖੀਰਾ ਫੜ ਹੋਇਆ, ਇਹ 17,100 ਡੱਬੇ ਵਿਚ ਸਨ।
ਕਾਂਸਟੇਬਲ ਨੈਨਸੀ ਸਾਗਰ ਨੇ ਕਿਹਾ ਕਿ ਇਹ ਵੈਸਟ ਸ਼ੋਰ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਪਾਬੰਦੀਸ਼ੁਦਾ ਸਿਗਰੇਟ ਦੀ ਜ਼ਬਤੀ ਹੈ। ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਰ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਫੈਡਰਲ ਐਕਸਾਈਜ਼ ਟੈਕਸ ਐਕਟ ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ।