Mar 7, 2025 3:19 PM - The Associated Press
ਯਮਨ ਅਤੇ ਜਿਬੂਤੀ ਦੇ ਪਾਣੀਆਂ ਵਿੱਚ ਚਾਰ ਪ੍ਰਵਾਸੀ ਕਿਸ਼ਤੀਆਂ ਦੇ ਪਲਟਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 186 ਲਾਪਤਾ ਹੋ ਗਏ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਨੇ ਦਿੱਤੀ ਹੈ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐਮ) ਦੇ ਬੁਲਾਰੇ ਤਮੀਮ ਏਲੀਅਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਦੋ ਕਿਸ਼ਤੀਆਂ ਵੀਰਵਾਰ ਨੂੰ ਯਮਨ ਦੇ ਤੱਟ 'ਤੇ ਪਲਟ ਗਈਆਂ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ, ਪਰ 181 ਪ੍ਰਵਾਸੀ ਅਤੇ ਪੰਜ ਯਮਨੀ ਚਾਲਕ ਦਲ ਦੇ ਮੈਂਬਰ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਛੋਟੇ ਅਫ਼ਰੀਕੀ ਦੇਸ਼ ਜਿਬੂਤੀ ਦੇ ਨੇੜੇ ਲਗਭਗ ਉਸੇ ਸਮੇਂ ਦੋ ਹੋਰ ਕਿਸ਼ਤੀਆਂ ਡੁੱਬ ਗਈਆਂ। ਦੋ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਕਿਸ਼ਤੀ 'ਤੇ ਸਵਾਰ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ।
ਲਗਭਗ ਇੱਕ ਦਹਾਕੇ ਦੇ ਘਰੇਲੂ ਯੁੱਧ ਦੇ ਬਾਵਜੂਦ ਯਮਨ ਪੂਰਬੀ ਅਫਰੀਕਾ ਅਤੇ ਸੋਮਾਲੀ ਪ੍ਰਾਇਦੀਪ ਤੋਂ ਕੰਮ ਲਈ ਖਾੜੀ ਦੇਸ਼ਾਂ ਵਿੱਚ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਰਸਤਾ ਬਣਿਆ ਹੋਇਆ ਹੈ। ਹਰ ਸਾਲ ਹਜ਼ਾਰਾਂ ਲੋਕ ਇਸ ਰਸਤੇ ਰਾਹੀਂ ਯਾਤਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਸਕਰ ਅਕਸਰ ਖਤਰਨਾਕ, ਭੀੜ-ਭੜੱਕੇ ਵਾਲੀਆਂ ਕਿਸ਼ਤੀਆਂ ਰਾਹੀਂ ਪ੍ਰਵਾਸੀਆਂ ਨੂੰ ਯਮਨ ਲਿਜਾਣ ਲਈ ਲਾਲ ਸਾਗਰ ਜਾਂ ਅਦਨ ਦੀ ਖਾੜੀ ਪਾਰ ਕਰਦੇ ਹਨ।