Apr 14, 2025 4:27 PM - Connect Newsroom
ਬੈਲਜੀਅਮ ਵਿਚ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਭਾਰਤੀ ਜਾਂਚ ਏਜੰਸੀਆਂ ਦੀ ਹਵਾਲਗੀ ਦੀ ਅਪੀਲ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਕੇਸ ਵਿਚ ਭਾਰਤੀ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ। ਇਸ ਕੇਸ ਵਿਚ ਮੇਹੁਲ ਚੋਕਸੀ ਆਪਣੇ ਭਤੀਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੋਂ ਬਾਅਦ ਦੂਜਾ ਮੁੱਖ ਸ਼ੱਕੀ ਹੈ।
ਭਾਰਤ ਵਲੋਂ ਬੈਲਜੀਅਮ ਤੋਂ ਚੋਕਸੀ ਦੀ ਹਵਾਲਗੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਵਿਚਕਾਰ ਚੋਕਸੀ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿਚ ਜ਼ਮਾਨਤ ਮੰਗੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਲਾਜ ਲਈ ਬੈਲਜੀਅਮ ਆਇਆ ਸੀ।
ਉਥੇ ਹੀ, ਰਿਪੋਰਟਸ ਅਨੁਸਾਰ ਮੇਹੁਲ ਚੋਕਸੀ ਬੈਲਜੀਅਮ ਤੋਂ ਸਵਿਟਜ਼ਰਲੈਂਡ ਭੱਜਣ ਦੀ ਕੋਸ਼ਿਸ਼ ਵਿਚ ਸੀ। ਚੋਕਸੀ ਦਾ ਭਤੀਜਾ ਨੀਰਵ ਮੋਦੀ ਵੀ ਇਸ ਘੁਟਾਲੇ ਦਾ ਦੋਸ਼ੀ ਹੈ ਅਤੇ ਲੰਡਨ ਵਿਚ ਹਵਾਲਗੀ ਦੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।