Feb 27, 2025 5:03 PM - The Canadian Press
ਕੈਨੇਡਾ ਸਰਕਾਰ ਦੇ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲਾ ਮੈਨੀਟੋਬਾ ਪਹਿਲਾ ਸੂਬਾ ਬਣ ਗਿਆ ਹੈ। ਇਸ ਡੀਲ ਤਹਿਤ ਮੈਨੀਟੋਬਾ ਨੂੰ ਸੂਬੇ ਦੇ ਲੋਕਾਂ ਲਈ ਡਾਇਬੀਟੀਜ਼ ਅਤੇ ਜਨਮ ਨਿਯੰਤਰਣ ਦਵਾਈਆਂ ਦੇ ਖ਼ਰਚ ਨੂੰ ਕਵਰ ਕਰਨ ਲਈ ਫੈਡਰਲ ਫੰਡਿੰਗ ਤੱਕ ਪਹੁੰਚ ਮਿਲ ਗਈ ਹੈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਅੱਜ ਵਿਨੀਪੈਗ ਵਿਚ ਮੈਨੀਟੋਬਾ ਨਾਲ ਫਾਰਮਾਕੇਅਰ ਡੀਲ ਦੀ ਘੋਸ਼ਣਾ ਕੀਤੀ।
ਉਨ੍ਹਾਂ ਥੋੜ੍ਹੇ ਦਿਨ ਪਹਿਲਾਂ ਹੀ ਕਿਹਾ ਸੀ ਕਿ ਇਸ ਪ੍ਰੋਗਰਾਮ ਲਈ ਪਹਿਲੇ ਕੈਨੇਡੀਅਨ ਸੂਬੇ ਨਾਲ ਜਲਦ ਹੀ ਸਮਝੌਤਾ ਹੋਣ ਵਾਲਾ ਹੈ ਅਤੇ ਕੁਝ ਹੋਰ ਸੂਬਿਆਂ ਨਾਲ ਫੈਡਲਰਲ ਸਰਕਾਰ ਸਮਝੌਤਾ ਕਰਨ ਦੇ ਕਰੀਬ ਪਹੁੰਚ ਗਈ ਹੈ। ਫੈਡਰਲ ਸਰਕਾਰ 4 ਸਾਲਾਂ ਦੌਰਾਨ ਮੈਨੀਟੋਬਾ ਲਈ ਫਾਰਮਾਕੇਅਰ ਕਵਰੇਜ ’ਤੇ $219 ਮਿਲੀਅਨ ਖਰਚ ਕਰੇਗੀ ਅਤੇ ਕਿਹਾ ਕਿ ਸੂਬਾ ਵਾਸੀਆਂ ਨੂੰ ਬਹੁਤ ਥੋੜ੍ਹੇ ਜਾਂ ਬਿਨਾਂ ਕਿਸੇ ਖ਼ਰਚ ਦੇ ਡਾਇਬੀਟੀਜ਼ ਅਤੇ ਜਨਮ ਨਿਯੰਤਰਣ ਦਵਾਈਆਂ ਉਪਲਬੱਧ ਕਰਵਾਈਆਂ ਜਾਣਗੀਆਂ।
ਗੌਰਤਲਬ ਹੈ ਕਿ ਰਾਸ਼ਟਰੀ ਫਾਰਮਾਕੇਅਰ ਦਾ ਪ੍ਰਸਤਾਵ ਐੱਨ. ਡੀ. ਪੀ. ਨੇ ਦਿੱਤਾ ਸੀ ਅਤੇ ਪਾਰਲੀਮੈਂਟ ਨੇ ਪਿਛਲੇ ਸਾਲ ਅਕਤੂਬਰ ਵਿਚ ਇਸ ਸਬੰਧੀ ਬਿੱਲ ਨੂੰ ਪਾਸ ਕੀਤਾ ਸੀ। ਉਥੇ ਹੀ, ਐਲਬਰਟਾ ਅਤੇ ਕਿਊਬੈਕ ਨੇ ਉਦੋਂ ਹੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।