Jan 22, 2025 5:34 PM - Connect Newsroom
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਤੰਗ ਉਡਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਪੰਜਾਬ ਵਿਧਾਨ ਸਭਾ ਨੇ ਇਸ ਸੰਬੰਧੀ ਇੱਕ ਬਿੱਲ ਪਾਸ ਕੀਤਾ ਹੈ। ਪਤੰਗ ਉਡਾਉਂਦੇ ਫੜੇ ਜਾਨ ਤੇ 3 ਤੋਂ 5 ਸਾਲ ਦੀ ਜੇਲ੍ਹ ਜਾਂ 20 ਲੱਖ ਪਾਕਿਸਤਾਨੀ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੁਰਮਾਨਾ ਨਾ ਭਰਨ ’ਤੇ ਇੱਕ ਸਾਲ ਦੀ ਹੋਰ ਕੈਦ ਵੀ ਹੋ ਸਕਦੀ ਹੈ।
ਬਿੱਲ ਵਿੱਚ ਪਤੰਗ ਬਣਾਉਣ ਅਤੇ ਵੇਚਣ ਵਾਲਿਆਂ ਲਈ ਵੀ ਸਖ਼ਤ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ 5 ਤੋਂ 7 ਸਾਲ ਦੀ ਕੈਦ ਜਾਂ 50 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਇਸ ਕਾਨੂੰਨ ਵਿੱਚ ਨਾਬਾਲਗਾਂ ਲਈ ਵੱਖਰੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਨਾਬਾਲਗਾਂ ਨੂੰ ਪਹਿਲੀ ਵਾਰ ਕਾਨੂੰਨ ਦੀ ਉਲੰਘਣਾ ਕਰਨ ’ਤੇ 50,000 ਰੁਪਏ ਅਤੇ ਦੂਜੀ ਵਾਰ ਉਲੰਘਣਾ ਕਰਨ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਤੀਜੀ ਵਾਰ ਜੁਰਮ ’ਤੇ ਜੁਵੇਨਾਈਲ ਜਸਟਿਸ ਸਿਸਟਮ ਐਕਟ ਤਹਿਤ ਸਜ਼ਾ ਹੋ ਸਕਦੀ ਹੈ। ਬਿੱਲ ਵਿਚ ਕਿਹਾ ਗਿਆ ਹੈ ਪਤੰਗ ਉਡਾਉਣ ਕਾਰਨ ਖਤਰਨਾਕ ਡੋਰ ਨੇ ਪੰਜਾਬ ਭਰ ਵਿਚ ਕਈ ਮੋਟਰਸਾਈਕਲ ਸਵਾਰਾਂ ਦੀ ਜਾਨ ਲਈ ਹੈ, ਜਿਸ ਕਾਰਨ ਇਸ ’ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ।