Dec 12, 2024 6:29 PM - Connect Newsroom
ਇਜ਼ਰਾਇਲੀ ਫੌਜ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਲਤਾਕੀਆ ਵਿਚਕਾਰ ਸੀਰੀਆਈ ਫੌਜ ਦੇ 70 ਤੋਂ 80 ਫੀਸਦੀ ਰਣਨੀਤਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਫੌਜ ਨੇ ਕਿਹਾ ਕਿ ਉਸ ਦੀ ਹਵਾਈ ਸੈਨਾ ਅਤੇ ਜਲ ਸੈਨਾ ਨੇ ਮਿਲ ਕੇ ਸ਼ਨੀਵਾਰ ਰਾਤ ਤੋਂ ਹੁਣ ਤੱਕ ਸੀਰੀਆ ਵਿਚ 350 ਤੋਂ ਵੱਧ ਹਮਲੇ ਕੀਤੇ ਹਨ।
ਸੀਰੀਆ ਵਿਚ ਬਸ਼ਰ ਅਲ-ਅਸਦ ਦੇ ਸੱਤਾ ਤੋਂ ਬੇਦਖ਼ਲ ਤੋਂ ਬਾਅਦ ਇਜ਼ਰਾਈਲ ਲਗਾਤਾਰ ਫੌਜੀ ਟਿਕਾਣਿਆਂ ’ਤੇ ਹਮਲੇ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਸੀਰੀਆਈ ਫੌਜ ਦੇ ਹਥਿਆਰਾਂ ਨੂੰ ਬਾਗੀਆਂ ਦੇ ਹੱਥਾਂ ਵਿਚ ਜਾਣ ਤੋਂ ਰੋਕਣ ਲਈ ਉਹ ਇਹ ਹਮਲੇ ਕਰ ਰਿਹਾ ਹੈ।
ਮੌਜੂਦਾ ਸਮੇਂ ਸੀਰੀਆ ਵਿਚ ਬਾਗੀਆਂ ਦੀ ਸਰਕਾਰ ਹੈ ਅਤੇ ਮੁਹੰਮਦ ਅਲ-ਬਸ਼ੀਰ ਨੂੰ ਇਸ ਅੰਤਰਿਮ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ।
ਇਸ ਵਿਚਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰ ਇਜ਼ਰਾਇਲ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਇਜ਼ਰਾਇਲੀ ਕਾਰਵਾਈ ਨਾਲ ਉਨ੍ਹਾਂ ਦਾ ਮੁਲਕ ਬੇਹੱਦ ਚਿੰਤਤ ਹੈ।