Apr 8, 2025 5:51 PM - Connect Newsroom
ਇਜ਼ਰਾਈਲ ਨੇ ਹਮਾਸ ਖਿਲਾਫ ਪਿਛਲੇ ਮਹੀਨੇ ਮੁੜ ਤੋਂ ਜੰਗ ਸ਼ੁਰੂ ਹੋਣ ਮਗਰੋਂ ਗਾਜ਼ਾ ਦੇ 50 ਫੀਸਦੀ ਤੋਂ ਜ਼ਿਆਦਾ ਹਿੱਸੇ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਜ਼ਰਾਇਲੀ ਫੌਜ ਵਲੋਂ ਕਬਜ਼ੇ ਵਿਚ ਲਿਆ ਗਿਆ ਵੱਡਾ ਹਿੱਸਾ ਗਾਜ਼ਾ ਸਰਹੱਦ ਦੇ ਨੇੜੇ ਹੈ, ਜਿੱਥੇ ਫਲਸਤੀਨੀ ਘਰਾਂ, ਖੇਤੀ ਵਾਲੀਆਂ ਜ਼ਮੀਨਾਂ ਅਤੇ ਬੁਨਿਆਦੀ ਢਾਂਚੇ ਇਸ ਹੱਦ ਤੱਕ ਤਬਾਹ ਹੋ ਗਏ ਹਨ ਕਿ ਉਥੇ ਹੁਣ ਰਹਿਣਾ ਵੀ ਮੁਸ਼ਕਲ ਹੈ।
ਇਜ਼ਰਾਈਲ ਮੁਤਾਬਕ, ਉਸ ਦੀ ਇਹ ਕਾਰਵਾਈ ਆਰਜ਼ੀ ਤੌਰ ’ਤੇ ਜ਼ਰੂਰੀ ਹੈ ਤਾਂ ਜੋ 7 ਅਕਤੂਬਰ, 2023 ਨੂੰ ਇਜ਼ਰਾਇਲ ਉਤੇ ਹਮਾਸ ਦੇ ਹਮਲੇ ਦੌਰਾਨ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨ ਲਈ ਹਮਾਸ ’ਤੇ ਦਬਾਅ ਬਣਾਇਆ ਜਾ ਸਕੇ।
ਉਥੇ ਹੀ, ਇਸ ਵਿਚਕਾਰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਵਾਸ਼ਿੰਗਟਨ ਵਿਚ ਮੁਲਾਕਾਤ ਮਗਰੋਂ ਕਿਹਾ ਕਿ ਗਾਜ਼ਾ ਵਿਚ ਹਮਾਸ ਤੋਂ ਹੋਰ ਬੰਧਕਾਂ ਨੂੰ ਰਿਹਾਅ ਕਰਵਾਉਣ ਦੇ ਉਦੇਸ਼ ਨਾਲ ਨਵੀਂ ਗੱਲਬਾਤ ਚੱਲ ਰਹੀ ਹੈ। ਟਰੰਪ ਨੇ ਕਿਹਾ ਕਿ ਅਸੀਂ ਇੱਕ ਹੋਰ ਜੰਗਬੰਦੀ ਦੀ ਉਮੀਦ ਕਰ ਰਹੇ ਹਾਂ ਅਤੇ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।