Jan 27, 2025 2:30 PM - The Canadian Press
ਇਜ਼ਰਾਈਲ ਵਲੋਂ 15 ਮਹੀਨਿਆਂ ਬਾਅਦ ਫਲਸਤੀਨੀਆਂ ਨੂੰ ਗਾਜ਼ਾ ਦੇ ਉੱਤਰੀ ਖੇਤਰ ਵਿਚ ਵਾਪਸ ਜਾਣ ਦੀ ਇਜਾਜ਼ਤ ਦੇਣ ਤੋਂ ਬਾਅਦ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ। ਹਮਾਸ-ਇਜ਼ਰਾਇਲ ਵਿਚਕਾਰ ਜੰਗਬੰਦੀ ਸਮਝੌਤੇ ਤਹਿਤ ਇਹ ਵਾਪਸੀ ਸ਼ੁਰੂ ਹੋਈ ਹੈ। ਇਜ਼ਰਾਈਲ ਨੇ ਹਮਾਸ ਨਾਲ ਯੁੱਧ ਸ਼ੁਰੂ ਕਰਨ ਤੋਂ ਬਾਅਦ ਗਾਜ਼ਾ ਦੇ ਉੱਤਰੀ ਹਿੱਸੇ ਨੂੰ ਖਾਲੀ ਕਰਵਾ ਲਿਆ ਸੀ।
ਇਸ ਤੋਂ ਬਾਅਦ 10 ਲੱਖ ਤੋਂ ਵੱਧ ਲੋਕ ਉੱਤਰੀ ਗਾਜ਼ਾ ਤੋਂ ਦੱਖਣੀ ਗਾਜ਼ਾ ਵੱਲ ਚਲੇ ਗਏ ਸਨ ਅਤੇ ਇਜ਼ਰਾਈਲੀ ਫੌਜ ਨੇ ਉੱਤਰੀ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਜੰਗਬੰਦੀ ਸਮਝੌਤੇ ਤਹਿਤ ਹੁਣ ਤੱਕ ਹਮਾਸ ਨੇ 7 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਹੈ। ਇਹ ਸਾਰੀਆਂ ਔਰਤਾਂ ਹਨ। ਇਨ੍ਹਾਂ ਬੰਧਕਾਂ ਦੀ ਰਿਹਾਈ ਦੇ ਬਦਲੇ ਇਜ਼ਰਾਈਲ ਨੇ 300 ਤੋਂ ਵੱਧ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ।
ਇਜ਼ਰਾਇਲ ਅਤੇ ਹਮਾਸ ਵਿਚਕਾਰ 19 ਜਨਵਰੀ ਤੋਂ ਸੀਜ਼ਫਾਇਰ ਸ਼ੁਰੂ ਹੋਇਆ ਹੈ, ਇਸ ਦਾ ਪਹਿਲਾ ਫੇਜ 42 ਦਿਨ ਦਾ ਹੈ, ਜਿਸ ਦੌਰਾਨ ਹਮਾਸ ਵਲੋਂ ਇਜ਼ਰਾਇਲ ਦੇ ਸਾਰੇ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ।