Feb 28, 2025 10:58 AM - CONNECT NEWSROOM
ਅਮਰੀਕਾ ਵਿਚ ਇੱਕ 35 ਸਾਲਾ ਭਾਰਤੀ ਵਿਦਿਆਰਥਣ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਕੋਮਾ ਕਾਰਨ ਕੈਲੀਫੋਰਨੀਆ ਦੇ ਹਸਪਤਾਲ ਵਿਚ ਦਾਖ਼ਲ ਹੈ।
ਨੀਲਮ ਸ਼ਿੰਦੇ ਨਾਂ ਦੀ ਭਾਰਤੀ ਮੂਲ ਦੀ ਲੜਕੀ ਨੂੰ 14 ਫਰਵਰੀ ਨੂੰ ਕੈਲੀਫੋਰਨੀਆ ਵਿਚ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਮਗਰੋਂ ਉਹ ਕੋਮਾ ਵਿਚ ਚਲੀ ਗਈ। ਨੀਲਮ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ 4 ਸਾਲਾਂ ਤੋਂ ਅਮਰੀਕਾ ਵਿਚ ਹੈ। ਅਮਰੀਕਾ ਨੇ ਭਾਰਤ ਸਰਕਾਰ ਦੀ ਬੇਨਤੀ 'ਤੇ ਨੀਲਮ ਦੇ ਪਿਤਾ ਨੂੰ ਐਮਰਜੈਂਸੀ ਵੀਜ਼ਾ ਦੇ ਦਿੱਤਾ ਹੈ।
ਪਰਿਵਾਰ ਅਨੁਸਾਰ, ਨੀਲਮ ਆਈ. ਸੀ. ਯੂ. ਵਿਚ ਹੈ। ਉਸ ਦੀਆਂ ਬਾਹਾਂ ਅਤੇ ਲੱਤਾਂ ਵਿੱਚ ਫ੍ਰੈਕਚਰ ਹਨ ਅਤੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਹਸਪਤਾਲ ਵਲੋਂ ਪਰਿਵਾਰ ਤੋਂ ਉਸ ਦੀ ਬ੍ਰੇਨ ਸਰਜਰੀ ਲਈ ਇਜਾਜ਼ਤ ਮੰਗੀ ਹੈ, ਜਿਸ ਲਈ ਪਰਿਵਾਰ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਉਸ ਦੇ ਪਿਤਾ ਤਾਨਾਜੀ ਸ਼ਿੰਦੇ ਨੇ ਅੱਜ ਸਵੇਰ ਅਮਰੀਕੀ ਦੂਤਾਵਾਸ ਵਿਚ ਐਮਰਜੈਂਸੀ ਵੀਜ਼ਾ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ 16 ਫਰਵਰੀ ਨੂੰ ਮਿਲੀ ਸੀ।