Mar 11, 2025 1:17 PM - CONNECT NEWSROOM
ਪਾਕਿਸਤਾਨ ਵਿਚ ਹਮਲਾਵਰਾਂ ਵਲੋਂ ਮੰਗਲਵਾਰ ਨੂੰ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਮੁਸਾਫ਼ਰ ਰੇਲਗੱਡੀ ਨੂੰ ਹਾਈਜੈਕ ਕਰ ਲਏ ਜਾਣ ਦੀਆਂ ਖਬਰਾਂ ਹਨ।
ਕੁਏਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈਸ 'ਤੇ ਬਲੋਚਿਸਤਾਨ ਦੇ ਬੋਲਾਨ ਜ਼ਿਲ੍ਹੇ ਦੇ ਨੇੜੇ ਹਮਲਵਾਰਾਂ ਨੇ ਫਾਇਰਿੰਗ ਕਰਕੇ ਕਈ ਯਾਤਰੀਆਂ ਨੂੰ ਕਥਿਤ ਤੌਰ 'ਤੇ ਬੰਧਕ ਬਣਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਜਿਸ ਇਲਾਕੇ ਵਿਚ ਟ੍ਰੇਨ ਨੂੰ ਰੋਕਿਆ ਗਿਆ ਉਹ ਪਹਾੜੀ ਇਲਾਕਾ ਹੈ। ਅਧਿਕਾਰੀਆਂ ਅਨੁਸਾਰ, ਜਾਫਰ ਐਕਸਪ੍ਰੈਸ ਦੀਆਂ ਨੌਂ ਬੋਗੀਆਂ ਵਿਚ 400 ਤੋਂ 500 ਯਾਤਰੀ ਸਵਾਰ ਸਨ।
ਸੁਰੱਖਿਆ ਬਲ ਵਲੋਂ ਘਟਨਾ ਸਥਾਨ ਨੂੰ ਘੇਰਾ ਪਾਇਆ ਗਿਆ ਹੈ ਅਤੇ ਬੰਧਕਾਂ ਨੂੰ ਛੁਡਾਉਣ ਤੇ ਯਾਤਰੀਆਂ ਨੂੰ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਵਿਚਕਾਰ ਕੁਏਟਾ ਦੇ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਸਾਰੇ ਡਾਕਟਰਾਂ, ਮਾਹਰਾਂ, ਸਲਾਹਕਾਰਾਂ ਅਤੇ ਨਰਸਾਂ ਨੂੰ ਹਸਪਤਾਲ ਪਹੁੰਚਣ ਲਈ ਕਿਹਾ ਗਿਆ ਹੈ। ਰਿਪੋਰਟਸ ਮੁਤਾਬਕ, ਗੰਭੀਰ ਜ਼ਖਮੀਆਂ ਵਿਚ ਟ੍ਰੇਨ ਦਾ ਡਰਾਈਵਰ ਵੀ ਸ਼ਾਮਲ ਹੈ।