Mar 5, 2025 3:14 PM - The Associated Press
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਦੇਸ਼ ਨੂੰ ਨਜ਼ਰਅੰਦਾਜ਼ ਕਰਦੇ ਹੋਏ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੂਟ ਬੌਰੂਪ ਏਗੇਡੇ ਨੇ ਬੁੱਧਵਾਰ ਨੂੰ ਕਿਹਾ ਕਿ "ਗ੍ਰੀਨਲੈਂਡ ਸਾਡਾ ਹੈ" ਅਤੇ ਇਸਨੂੰ ਖਰੀਦਿਆ ਨਹੀਂ ਜਾ ਸਕਦਾ।
ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਆਰਕਟਿਕ ਟਾਪੂਆਂ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ, ਪਰ ਅਮਰੀਕਾ "ਕਿਸੇ ਵੀ ਤਰੀਕੇ ਨਾਲ" ਇਸ ਖੇਤਰ ਨੂੰ ਹਾਸਲ ਕਰੇਗਾ। ਏਗੇਡੇ ਨੇ ਕਿਹਾ ਕਿ ਟਾਪੂ ਦੇ ਨਾਗਰਿਕ ਨਾ ਤਾਂ ਅਮਰੀਕੀ ਹਨ ਅਤੇ ਨਾ ਹੀ ਡੈਨਿਸ਼ ਕਿਉਂਕਿ ਉਹ ਗ੍ਰੀਨਲੈਂਡਿਕ ਹਨ। ਉਨ੍ਹਾਂ ਬੁੱਧਵਾਰ ਨੂੰ ਫੇਸਬੁੱਕ 'ਤੇ ਗ੍ਰੀਨਲੈਂਡਿਕ ਅਤੇ ਡੈਨਿਸ਼ ਭਾਸ਼ਾ ਵਿੱਚ ਇੱਕ ਪੋਸਟ ਵਿੱਚ ਲਿਖਿਆ ਕਿ ਅਮਰੀਕਾ ਨੂੰ ਇਹ ਸਮਝਣ ਦੀ ਲੋੜ ਹੈ ਕਿ ਗ੍ਰੀਨਲੈਂਡ ਦਾ ਭਵਿੱਖ ਇਸਦੇ ਆਪਣੇ ਲੋਕ ਹੀ ਤੈਅ ਕਰਨਗੇ। ਉਨ੍ਹਾਂ ਦੀ ਇਹ ਪੋਸਟ ਮੰਗਲਵਾਰ ਨੂੰ ਸੰਸਦੀ ਚੋਣਾਂ ਵਿੱਚ ਟਾਪੂ ਵਾਸੀਆਂ ਦੇ ਵੋਟ ਪਾਉਣ ਤੋਂ ਇੱਕ ਹਫ਼ਤਾ ਪਹਿਲਾਂ ਟਰੰਪ ਵੱਲੋਂ ਗ੍ਰੀਨਲੈਂਡ ਵਾਸੀਆਂ ਨੂੰ ਕੀਤੀ ਗਈ ਅਪੀਲ ਤੋਂ ਬਾਅਦ ਆਈ ਹੈ।
ਟਰੰਪ ਨੇ ਕਿਹਾ ਸੀ, "ਅਸੀਂ ਤੁਹਾਡੇ ਆਪਣੇ ਭਵਿੱਖ ਨੂੰ ਨਿਰਧਾਰਤ ਕਰਨ ਦੇ ਅਧਿਕਾਰ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ ਅਤੇ ਜੇਕਰ ਤੁਸੀਂ ਚੁਣਦੇ ਹੋ ਤਾਂ ਅਸੀਂ ਤੁਹਾਡਾ ਅਮਰੀਕਾ ਵਿੱਚ ਸਵਾਗਤ ਕਰਦੇ ਹਾਂ।" ਉਨ੍ਹਾਂ ਕਿਹਾ, "ਅਸੀਂ ਤੁਹਾਨੂੰ ਸੁਰੱਖਿਅਤ ਰੱਖਾਂਗੇ, ਅਮੀਰ ਬਣਾਵਾਂਗੇ ਅਤੇ ਇਕੱਠੇ ਮਿਲ ਕੇ ਅਸੀਂ ਗ੍ਰੀਨਲੈਂਡ ਨੂੰ ਉਨ੍ਹਾਂ ਉਚਾਈਆਂ 'ਤੇ ਲੈ ਜਾਵਾਂਗੇ ਜਿਨ੍ਹਾਂ ਦੀ ਤੁਸੀਂ ਪਹਿਲਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਟਰੰਪ ਨੇ ਲੰਬੇ ਸਮੇਂ ਤੋਂ ਅਮਰੀਕਾ ਦੇ ਸਹਿਯੋਗੀ ਡੈਨਮਾਰਕ ਤੋਂ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਆਪਣੀ ਇੱਛਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ "ਇਸ ਨੂੰ ਸੰਭਵ ਬਣਾਉਣ ਦੇ ਯਤਨਾਂ ਵਿੱਚ ਸ਼ਾਮਲ ਹਰ ਵਿਅਕਤੀ ਨਾਲ ਬਹੁਤ ਨੇੜਿਓਂ ਕੰਮ ਕਰ ਰਿਹਾ ਹੈ।