Jan 15, 2025 6:23 PM - The Canadian Press
ਇਜ਼ਰਾਈਲ ਅਤੇ ਹਮਾਸ ਵਿਚਕਾਰ ਗਾਜ਼ਾ ਵਿਚ 15 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਜੰਗਬੰਦੀ ਸਮਝੌਤਾ ਹੋਣ ਦੀ ਖ਼ਬਰ ਹੈ। ਇਹ ਸਮਝੌਤਾ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਹੋਇਆ ਹੈ, ਕਤਰ, ਅਮਰੀਕਾ ਅਤੇ ਮਿਸਰ ਇਸ ਲਈ ਵਿਚੋਲਗੀ ਕਰ ਰਹੇ ਸਨ। ਸਮਝੌਤੇ ਦੀ ਸ਼ੁਰੂਆਤ 6 ਹਫ਼ਤਿਆਂ ਦੇ ਯੁੱਧ ਵਿਰਾਮ ਅਤੇ ਬੰਧਕਾਂ ਦੀ ਰਿਹਾਈ ਨਾਲ ਹੋਵੇਗੀ।
ਰਿਪੋਰਟਸ ਦੀ ਮੰਨੀਏ ਤਾਂ ਰਿਹਾਅ ਕੀਤੇ ਜਾਣ ਵਾਲੇ ਹਰ ਬੰਧਕ ਦੇ ਬਦਲੇ ਇਜ਼ਰਾਈਲ ਦਰਜਨਾਂ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਗੌਰਤਲਬ ਹੈ ਕਿ ਹਮਾਸ ਨੇ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ’ਤੇ ਹਮਲਾ ਕੀਤਾ ਸੀ, ਜਿਸ ਵਿਚ ਲਗਭਗ 1,200 ਲੋਕ ਮਾਰੇ ਗਏ ਸਨ ਅਤੇ ਹਮਾਸ ਦੇ ਲੜਾਕੇ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਕੇ ਗਾਜ਼ਾ ਵਿਚ ਲੈ ਗਏ ਸਨ।
ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਕੋਲ ਅਜੇ ਵੀ 94 ਬੰਧਕ ਹਨ, ਜਿਨ੍ਹਾਂ ਵਿਚੋਂ 34 ਨੂੰ ਮ੍ਰਿਤਕ ਮੰਨਿਆ ਜਾ ਰਿਹਾ ਹੈ।