Feb 13, 2025 3:18 PM - The Canadian Press
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਅੱਜ ਤੋਂ 18 ਫਰਵਰੀ ਤੱਕ ਯੂਰਪ ਦੌਰੇ 'ਤੇ ਹਨ। ਇਸ ਦੌਰਾਨ ਉਹ ਫਰਾਂਸ, ਜਰਮਨੀ ਅਤੇ ਬੈਲਜੀਅਮ ਵਿਚ ਹੋਣ ਵਾਲੀਆਂ ਬੈਠਕਾਂ ਵਿਚ ਹਿੱਸਾ ਲੈਣਗੇ, ਜਿਸ ਵਿਚ ਭੂ-ਰਾਜਨੀਤਿਕ ਸੰਕਟ ਅਤੇ ਵਿਦੇਸ਼ੀ ਦਖਲਅੰਦਾਜ਼ੀ ਵਰਗੇ ਮੁੱਦਿਆਂ 'ਤੇ ਚਰਚਾ ਹੋਵੇਗੀ ਅਤੇ ਜੋਲੀ ਇਸ ਦੌਰਾਨ ਆਰਕਟਿਕ ਸੁਰੱਖਿਆ ਦੇ ਮੁੱਦੇ 'ਤੇ ਇੱਕ ਬੈਠਕ ਵਿਚ ਵੀ ਸ਼ਾਮਲ ਹੋਣਗੇ।
ਵੀਰਵਾਰ ਨੂੰ ਉਹ ਪੈਰਿਸ ਵਿਚ ਕੈਨੇਡਾ ਦੇ ਸੀਰੀਆ ਲਈ ਨਿਯੁਕਤ ਵਿਸ਼ੇਸ਼ ਰਾਜਦੂਤ ਉਮਰ ਅਲਘਾਬਰਾ ਨਾਲ ਸੀਰੀਆ ਬਾਰੇ ਪੈਰਿਸ ਕਾਨਫਰੰਸ ਵਿਚ ਸ਼ਾਮਲ ਹੋ ਰਹੇ ਹਨ। ਇਸ ਤੋਂ ਬਾਅਦ ਉਹ 14 ਤੋਂ 16 ਫਰਵਰੀ ਤੱਕ ਜਰਮਨੀ ਵਿਚ ਮਿਊਨਿਖ ਸੁਰੱਖਿਆ ਕਾਨਫਰੰਸ ਅਤੇ ਆਰਕਟਿਕ ਸੁਰੱਖਿਆ ਬਾਰੇ ਬੈਠਕ ਵਿਚ ਹੋਰ G7 ਵਿਦੇਸ਼ ਮੰਤਰੀਆਂ ਨਾਲ ਸ਼ਾਮਲ ਹੋਣਗੇ।
ਇਸ ਮਗਰੋਂ ਜੋਲੀ ਦਾ ਪ੍ਰੋਗਰਾਮ 16 ਤੋਂ 18 ਫਰਵਰੀ ਤੱਕ ਬ੍ਰਸਲਜ਼ ਦਾ ਹੈ, ਜਿੱਥੇ ਉਹ ਯੂਰਪੀਅਨ ਯੂਨੀਅਨ, ਯੂਰਪੀਅਨ ਕਮਿਸ਼ਨ ਅਤੇ ਯੂਰਪੀਅਨ ਪਾਰਲੀਮੈਂਟ ਤੇ ਨੇਟੋ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।