Oct 29, 2024 5:52 PM - The Canadian Press
ਬੀ. ਸੀ. ਵਿਚ ਬਿਜਲੀ ਵਿਚ ਜਲਦ ਸੁਧਾਰ ਹੋਣ ਵਾਲਾ ਹੈ। ਸੂਬੇ ਦੀ ਇਲੈਕਟ੍ਰਿਕ ਯੂਟਿਲਿਟੀ ਬੀ.ਸੀ. ਹਾਈਡਰੋ ਦਾ ਕਹਿਣਾ ਹੈ ਕਿ ਸਾਈਟ ਸੀ ਡੈਮ ’ਤੇ 6 ਉਤਪਾਦਨ ਯੂਨਿਟਾਂ ਉਤੇ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ ਇੱਕ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਹ ਸਾਰੇ ਯੂਨਿਟਸ 2025 ਤੱਕ ਪੂਰਨ ਤੌਰ ’ਤੇ ਸਰਵਿਸ ਵਿਚ ਆਉਣ ਦੀ ਉਮੀਦ ਹੈ, ਜਿਸ ਨਾਲ ਸੂਬੇ ਦੇ ਬਿਜਲੀ ਗਰਿੱਡ ਵਿਚ 8 ਫੀਸਦੀ ਜ਼ਿਆਦਾ ਸਪਲਾਈ ਜੁੜ ਜਾਵੇਗੀ।
ਬੀ.ਸੀ. ਹਾਈਡਰੋ ਨੇ ਕਿਹਾ ਡੈਮ ਵਿਚ ਪਾਣੀ ਦਾ ਪੱਧਰ 90 ਫੀਸਦੀ ਤੱਕ ਭਰ ਚੁੱਕਾ ਹੈ ਅਤੇ ਇਸ ਦੇ ਪੂਰਾ ਭਰਨ ਮਗਰੋਂ ਲੋਕਾਂ ਨੂੰ ਇਸ ਤੋਂ ਲਗਭਗ ਇੱਕ ਸਾਲ ਤੱਕ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਡੈਮ ਨੂੰ ਭਰਨ ਦਾ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।
ਗੌਰਤਲਬ ਹੈ ਕਿ ਉੱਤਰ-ਪੂਰਬੀ ਬ੍ਰਿਟਿਸ਼ ਕੋਲੰਬੀਆ ਵਿੱਚ ਸਾਈਟ ਸੀ ਡੈਮ ਪ੍ਰੋਜੈਕਟ ਦਾ ਕੰਮ 2015 ਵਿਚ ਕ੍ਰਿਸਟੀ ਕਲਾਰਕ ਦੇ ਬੀ.ਸੀ. ਲਿਬਰਲ ਸਰਕਾਰ ਵਿਚ ਸ਼ੁਰੂ ਹੋਇਆ ਸੀ। 2007 ਵਿਚ ਇਸ ਪ੍ਰੋਜੈਕਟ ਦੀ ਲਾਗਤ $6.6 ਬਿਲੀਅਨ ਲਗਾਈ ਗਈ ਸੀ, ਜੋ 2021 ਵਿਚ ਵੱਧ ਕੇ $16 ਬਿਲੀਅਨ ’ਤੇ ਪਹੁੰਚ ਗਈ।