Mar 12, 2025 4:29 PM - The Canadian Press
ਵੈਸਟ ਵੈਨਕੂਵਰ ਦੀ ਇਕ ਬਹੁ ਮੰਜ਼ਲਾ ਰਿਹਾਇਸ਼ੀ ਬਿਲਡਿੰਗ ਵਿਚ ਬੀਤੀ ਦੁਪਹਿਰ ਅੱਗ ਲੱਗ ਗਈ, ਜਿਸ ਕਾਰਨ 2 ਵਿਅਕਤੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਜਦਕਿ ਤਿੰਨ ਹੋਰਾਂ ਨੂੰ ਉੱਥੇ ਹੀ ਮੈਡੀਕਲ ਮਦਦ ਦਿੱਤੀ ਗਈ।ਇਸ ਕਾਰਨ 42 ਵਿਅਕਤੀਆਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਗਿਆ।
ਫਾਇਰ ਫਾਈਟਰਜ਼ ਮੁਤਾਬਕ ਉਨ੍ਹਾਂ ਨੂੰ ਦੁਪਹਿਰ ਕਰੀਬ 2.40 ਵਜੇ ਨੈਲਸਨ ਸੈਂਟ ਦੇ 1100 ਬਲਾਕ ਦੀ ਬਿਲਡਿੰਗ ਵਿਚ ਮਦਦ ਲਈ ਬੁਲਾਇਆ ਗਿਆ ਸੀ। ਜਦ ਕਰੂ ਮੈਂਬਰ ਇੱਥੇ ਪੁੱਜੇ ਬਿਲਡਿੰਗ ਦੀ 7ਵੀਂ ਮੰਜ਼ਿਲ ਅੱਗ ਵਿਚ ਘਿਰੀ ਸੀ ਜੋ 8ਵੀਂ ਮੰਜ਼ਲ ਤੱਕ ਫੈਲ ਗਈ। ਇਸ ਕਾਰਨ ਇਸ ਯੂਨਿਟ ਨੂੰ ਭਾਰੀ ਨੁਕਸਾਨ ਪੁੱਜਾ ਪਰ ਹੋਰ ਯੂਨਿਟ ਵੱਲ ਅੱਗ ਫੈਲਣ ਤੋਂ ਬਚਾਅ ਕਰ ਲਿਆ ਗਿਆ। ਦੋ ਵਿਅਕਤੀਆਂ ਨੂੰ ਧੂੰਆਂ ਚੜ੍ਹਨ ਕਾਰਨ ਉਸੇ ਸਮੇਂ ਹਸਪਤਾਲ ਲੈ ਜਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਵਿਚ ਬਜ਼ੁਰਗ ਲੋਕ ਵਧੇਰੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ਪਹਿਲਾਂ ਹੀ ਮੈਡੀਕਲ ਹਾਲਾਤ ਵਿਚੋਂ ਲੰਘ ਰਹੇ ਹਨ ਅਤੇ ਧੂੰਏਂ ਕਾਰਨ ਉਨ੍ਹਾਂ ਨੂੰ ਹੋਰ ਪਰੇਸ਼ਾਨੀ ਹੋਈ। ਕਈ ਲੋਕਾਂ ਨੂੰ ਤੁਰਨ-ਫਿਰਨ ਅਤੇ ਦੇਖਣ ਵਿਚ ਪਰੇਸ਼ਾਨੀ ਹੋਣ ਕਾਰਨ ਬਿਲਡਿੰਗ ਵਿਚੋਂ ਬਾਹਰ ਲਿਆਉਣ ਲਈ ਮਦਦ ਦਿੱਤੀ ਗਈ।ਇਸ ਬਿਲਡਿੰਗ ਵਿਚ ਦੋ ਪੌੜੀਆਂ ਹੋਣ ਕਾਰਨ ਇਕ ਪਾਸਿਓਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਬਿਲਡਿੰਗ ਨੂੰ ਹੋਏ ਨੁਕਸਾਨ ਦੀ ਵੀ ਜਾਂਚ ਚੱਲ ਰਹੀ ਹੈ।